- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗ ਦੀ ਅਣਦੇਖੀ ਕਾਰਨ ਡਰੇਨ ਹਰੀ ਬੂਟੀ ਨਾਲ ਨੱਕੋ ਨੱਕ ਭਰੀ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗਾਗੇਵਾਲ, ਸੱਦੋਵਾਲ, ਛੀਨੀਵਾਲ ਖੁਰਦ, ਦੀਵਾਨਾ ਤੇ ਨਰੈਣਗੜ੍ਹ ਸੋਹੀਆਂ ’ਚੋਂ ਲੰਘਦੀ ਬੱਸੀਆਂ ਡਰੇਨ ਦੀ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਲਈ ਚਿੰਤਾ ਬਣੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤੀ ਮੌਸਮ ਸਿਰ ’ਤੇ ਹੋਣ ਦੇ ਬਾਵਜੂਦ ਡਰੇਨ ’ਚ ਜਮ੍ਹੀ ਗਾਰ, ਸੰਘਣੀ ਜੰਗਲੀ ਬੂਟੀ ਤੇ ਕਥਿਤ ਨਾਜਾਇਜ਼ ਕਬਜ਼ਿਆਂ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਖੇਤਾਂ ਵਿਚ ਪਾਣੀ ਭਰਨ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਡਰੇਨ ਦੀ ਹਾਲਤ ਇਸ ਕਦਰ ਖ਼ਰਾਬ ਹੋ ਚੁੱਕੀ ਹੈ ਕਿ ਕਈ ਥਾਵਾਂ ’ਤੇ ਪਾਣੀ ਦਾ ਕੁਦਰਤੀ ਵਹਾਅ ਰੁਕਣ ਦੀ ਸਥਿਤੀ ਬਣੀ ਹੋਈ ਹੈ। ਜੇਕਰ ਆਉਣ ਵਾਲੇ ਦਿਨਾਂ ਦੌਰਾਨ ਭਾਰੀ ਮੀਂਹ ਪੈਂਦਾ ਹੈ ਤਾਂ ਡਰੇਨ ਆਪਣਾ ਪਾਣੀ ਸੰਭਾਲਣ ’ਚ ਅਸਮਰਥ ਰਹੇਗੀ ਤੇ ਬਰਸਾਤੀ ਪਾਣੀ ਖੇਤਾਂ ਵਿਚ ਦਾਖਲ ਹੋ ਸਕਦਾ ਹੈ। ਇਸ ਨਾਲ ਖ਼ਾਸ ਕਰਕੇ ਝੋਨੇ ਸਮੇਤ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਉਹ ਕਈ ਵਾਰ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਦਿਵਾ ਚੁੱਕੇ ਹਨ ਪਰ ਅਜੇ ਤੱਕ ਨਾ ਤਾਂ ਡਰੇਨ ਦੀ ਮਸ਼ੀਨੀ ਸਫ਼ਾਈ ਕਰਵਾਈ ਗਈ ਹੈ ਤੇ ਨਾ ਹੀ ਕਥਿਤ ਕਬਜ਼ਿਆਂ ਨੂੰ ਹਟਾਉਣ ਲਈ ਕੋਈ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ ਹੈ। ਇਸ ਕਾਰਨ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਬਰਸਾਤ ਦੌਰਾਨ ਡਰੇਨ ਦੇ ਓਵਰਫ਼ਲੋ ਹੋਣ ਨਾਲ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਹੇਠ ਆ ਜਾਂਦੀ ਹੈ। ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਕੁਝ ਘੰਟਿਆਂ ਵਿਚ ਤਬਾਹ ਹੋ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਡਰੇਨ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਬੱਸੀਆਂ ਡਰੇਨ ਦੀ ਤੁਰੰਤ ਮਸ਼ੀਨੀ ਸਫ਼ਾਈ ਕਰਵਾਈ ਜਾਵੇ, ਗਾਰ ਤੇ ਜੰਗਲੀ ਬੂਟੀ ਨੂੰ ਹਟਾਇਆ ਜਾਵੇ ਅਤੇ ਜਿੱਥੇ ਵੀ ਕਬਜ਼ਿਆਂ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕੇ ਨੂੰ ਹੜ੍ਹ ਵਰਗੇ ਹਾਲਾਤ ਤੇ ਫ਼ਸਲਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।