- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਤਾਬਾਂ ਪੜ੍ਹਨ ਦੀ ਘਟਦੀ ਰੁਚੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ:ਜਗਮੀਤ ਪੰਧੇਰ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਪ੍ਰਿੰਸੀਪਲ ਜਗਮੀਤ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਮੋਬਾਈਲ ਫੋਨ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ, ਪਰ ਇਸ ਦੀ ਬੇਲੋੜੀ ਅਤੇ ਹੱਦ ਤੋਂ ਵੱਧ ਵਰਤੋਂ ਮਨੁੱਖ ਨੂੰ ਆਪਣੇ ਪਰਿਵਾਰ, ਸਮਾਜ, ਸਾਹਿਤ ਅਤੇ ਅਸਲ ਜ਼ਿੰਦਗੀ ਤੋਂ ਦੂਰ ਕਰ ਰਹੀ ਹੈ। ਕਿਤਾਬਾਂ ਪੜ੍ਹਨ ਦੀ ਘਟਦੀ ਰੁਚੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਸਾਹਿਤ ਅਤੇ ਕਿਤਾਬਾਂ ਮਨੁੱਖ ਨੂੰ ਸਿਰਫ਼ ਗਿਆਨ ਹੀ ਨਹੀਂ ਦਿੰਦੀਆਂ, ਸਗੋਂ ਸੋਚਣ, ਸਮਝਣ, ਸਹਿਣਸ਼ੀਲਤਾ ਅਤੇ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵੀ ਪ੍ਰਦਾਨ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਮੋਬਾਈਲ ਦੀ ਬੇਲੋੜੀ ਵਰਤੋਂ ਕਾਰਨ ਅੱਜ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਦੂਜਿਆਂ ਦੀ ਜ਼ਿੰਦਗੀ ਨਾਲ ਆਪਣੀ ਤੁਲਨਾ ਕਰਨਾ, ਬੇਲੋੜੀਆਂ ਖ਼ਬਰਾਂ ਅਤੇ ਵੀਡੀਓਜ਼ ਦੇਖਦੇ ਰਹਿਣਾ ਮਨੁੱਖ ਅੰਦਰ ਤਣਾਅ, ਨਿਰਾਸ਼ਾ ਅਤੇ ਇਕੱਲੇਪਣ ਦੀ ਭਾਵਨਾ ਵਧਾ ਸਕਦਾ ਹੈ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਦੇ ਨਾਲ-ਨਾਲ ਕਿਤਾਬਾਂ ਪੜ੍ਹਨ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਵੀ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕੁਝ ਸਮਾਂ ਕਿਤਾਬਾਂ ਅਤੇ ਸਾਹਿਤ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਮੋਬਾਈਲ ਸਾਡੀ ਜ਼ਰੂਰਤ ਬਣੇ, ਸਾਡੀ ਆਦਤ ਜਾਂ ਮਜਬੂਰੀ ਨਹੀਂ। ਕਿਉਂਕਿ ਮੋਬਾਈਲ ਸਾਨੂੰ ਜਾਣਕਾਰੀ ਤਾਂ ਦੇ ਸਕਦਾ ਹੈ, ਪਰ ਚੰਗਾ ਸਾਹਿਤ ਸਾਨੂੰ ਜ਼ਿੰਦਗੀ ਨੂੰ ਸਮਝਣ ਦੀ ਸੂਝ ਦਿੰਦਾ ਹੈ। ਇੱਕ ਸਿਹਤਮੰਦ, ਸੂਝਵਾਨ ਅਤੇ ਸੰਵੇਦਨਸ਼ੀਲ ਸਮਾਜ ਦੀ ਸਿਰਜਣਾ ਲਈ ਕਿਤਾਬਾਂ ਨਾਲ ਮੁੜ ਦੋਸਤੀ ਕਰਨੀ ਬਹੁਤ ਜ਼ਰੂਰੀ ਹੈ।