ਪਸ਼ੂ ਪਾਲਣ ਵਿਭਾਗ ਨੇ 47 ਵੈਟਰਨਰੀ ਇੰਸਪੈਕਟਰ ਚਾਰਜਸ਼ੀਟ ਕੀਤੇ ਪਸ਼ੂ ਪਾਲਣ ਵਿਭਾਗ ਨੇ 47 ਵੈਟਰਨਰੀ ਇੰਸਪੈਕਟਰ ਚਾਰਜਸ਼ੀਟ ਕੀਤੇ
Publish Date: Fri, 21 Aug 2026 04:17 PM (IST)
Updated Date: Sat, 22 Aug 2026 04:01 AM (IST)
ਸੱਤਪਾਲ ਕਾਲਾਬੂਲਾ/ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪਸ਼ੂ ਪਾਲਣ ਵਿਭਾਗ ਨੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਸਮੇਤ 22 ਜ਼ਿਲ੍ਹਿਆਂ ਦੇ 47 ਵੈਟਰਨਰੀ ਇੰਸਪੈਕਟਰਾਂ ਨੂੰ ਚਾਰਜਸੀਟ ਕਰਕੇ ਜਵਾਬ ਦੇਣ ਲਈ 21 ਦਿਨਾਂ ਦਾ ਸਮਾਂ ਦਿੱਤਾ ਹੈ। ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਇਸ ਕਾਰਵਾਈ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਵੈਟਰਨਰੀ ਇੰਸਪੈਕਟਰਾਂ ਖਿਲ਼ਾਫ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਕਾਰਵਾਈ ਦੱਸਦਿਆਂ ਜਥੇਬੰਦਕ ਏਕੇ ਨਾਲ ਮੂੰਹ ਤੋੜ ਜਵਾਬ ਦੇਣ ਦਾ ਐਲਾਨ ਕੀਤਾ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ 19 ਅਗਸਤ ਨੂੰ ਜਾਰੀ ਚਾਰਜਸੀਟ ਵਿਚ ਸੂਬਾ ਪ੍ਰਧਾਨ ਬਾਸੀ ਸਮੇਤ 47 ਵੈਟਰਨਰੀ ਇੰਸਪੈਕਟਰਾਂ ਉਪਰ ਵੈਕਸੀਨੇਸ਼ਨ ਅਤੇ ਬਨਾਉਟੀ ਗਰਭਦਾਨ ਦਾ ਡਾਟਾ ਸਬੰਧਤ ਪੋਰਟਲ ਉਪਰ ਅੱਪਲੋਡ ਨਾ ਕਰਕੇ ਅਨੁਸ਼ਾਸਨਹੀਣਤਾ ਅਤੇ ਰਾਸ਼ਟਰੀ ਪੱਧਰ ’ਤੇ ਪੰਜਾਬ ਅਤੇ ਵਿਭਾਗ ਦਾ ਅਕਸ ਖਰਾਬ ਕਰਨ ਦੇ ਦੋਸ਼ ਲਾਏ ਗਏ ਹਨ। ਜਾਣਕਾਰੀ ਮੁਤਾਬਿਕ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਸਿਵਲ ਪਸੂ ਡਿਸਪੈਂਸਰੀ ਘੁੰਮਣਵਾਲੀ ’ਚ ਵੈਟਰਨਰੀ ਇੰਸਪੈਕਟਰ ਵਜੋਂ ਤਾਇਨਾਤ ਸੂਬਾ ਪ੍ਰਧਾਨ ਗੁਰਦੀਪ ਬਾਸੀ ਸਮੇਤ ਜ਼ਿਲ੍ਹਾ ਲੁਧਿਆਣਾ, ਅੰਮ੍ਰਿਤਸਰ, ਫਰੀਦਕੋਟ, ਫਤਿਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਰੂਪ ਨਗਰ, ਮੋਹਾਲੀ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਦੇ ਦੋ-ਦੋ , ਬਠਿੰਡਾ ਦਾ ਇੱਕ, ਮੁਕਤਸਰ ਦੇ ਤਿੰਨ ਅਤੇ ਪਠਾਨਕੋਟ ਦੇ ਚਾਰ ਵੈਟਰਨਰੀ ਇੰਸਪੈਕਟਰਾਂ ਚਾਰਜਸੀਟ ਜਾਰੀ ਕਰਕੇ 21 ਦਿਨਾਂ ਅੰਦਰ ਸਪੱਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਹੈ। ਪੰਜਾਬ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ, ਸੂਬਾਈ ਆਗੂ ਵਿਪਨ ਕੁਮਾਰ ਗੋਇਲ ਅਤੇ ਪਰਮਜੀਤ ਸੋਹੀ ਨੇ ਵਿਭਾਗ ਦੀ ਕਾਰਵਾਈ ਨੂੰ ਸੰਘਰਸ਼ ਕਰ ਰਹੇ ਵੈਟਰਨਰੀ ਇੰਸਪੈਕਟਰ ਕੇਡਰ ਦਾ ਮਨੋਬਲ ਤੋੜਨ ਵਾਲੀ ਕੋਝੀ ਹਰਕਤ ਦਸਦਿਆਂ ਕਿਹਾ ਕਿ ਜਥੇਬੰਦੀ ਇਨ੍ਹਾਂ ਫੁਰਮਾਨਾਂ ਖਿਲਾਫ ਸੜਕਾਂ ’ਤੇ ਲੜਾਈ ਲੜੇਗੀ।ਉਨ੍ਹਾਂ ਮੰਗ ਕੀਤੀ ਕਿ ਵਿਭਾਗ ਦੀ ਅਫਸਰਸ਼ਾਹੀ ਵੱਲੋਂ ਪਾਈਆਂ ਜਾਂਦੀਆਂ ਬੋਗਸ ਐਂਟਰੀਆਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।