- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਦਲ ਯਾਤਰਾ ਉਪਰੰਤ ਖਨੌਰੀ ਪਹੁੰਚੀ ਸ੍ਰੀ ਸਾਲਾਸਰ ਧਾਮ ਤੋਂ ਲਿਆਂਦੀ ਅਖੰਡ ਜੋਤ

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ
ਸਥਾਨਕ ਸ਼ਹਿਰ ਖਨੌਰੀ ਵਿਖੇ ਸ੍ਰੀ ਸਾਲਾਸਰ ਬਾਲਾ ਜੀ ਮੰਦਰ ਦੀ ਸਥਾਪਨਾ ਸਬੰਧੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਸ੍ਰੀ ਸਾਲਾਸਰ ਧਾਮ ਤੋਂ ਤਿੰਨ ਦਿਨਾਂ ਦੀ ਪੈਦਲ ਯਾਤਰਾ ਕਰਕੇ ਲਿਆਂਦੀ ਗਈ ਅਖੰਡ ਜੋਤ ਖਨੌਰੀ ਵਿਖੇ ਪਹੁੰਚੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਮੰਦਰ ਵਿਖੇ ਵਿਧੀ-ਵਿਧਾਨ ਨਾਲ ਸਥਾਪਿਤ ਕੀਤੀ ਗਈ। ਜੋਤ ਦੇ ਸ਼ਹਿਰ ਵਿੱਚ ਪਹੁੰਚਣ ’ਤੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਜੈਕਾਰਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ।
ਇਸ ਸਬੰਧੀ ਸੈਂਕੀ ਸਿੰਗਲਾ ਨੇ ਦੱਸਿਆ ਕਿ ਸ੍ਰੀ ਸਾਲਾਸਰ ਧਾਮ ਤੋਂ ਅਖੰਡ ਜੋਤ ਤਿੰਨ ਦਿਨਾਂ ਦੀ ਪੈਦਲ ਯਾਤਰਾ ਕਰਕੇ ਖਨੌਰੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਸ਼ਹਿਰ ਵਾਸੀਆਂ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਖਨੌਰੀ ਵਿਖੇ ਸ੍ਰੀ ਸਾਲਾਸਰ ਬਾਲਾ ਜੀ ਧਾਮ ਬਣਨ ਜਾ ਰਿਹਾ ਹੈ। ਇਸ ਨਾਲ ਸ਼ਹਿਰ ਦੀ ਧਾਰਮਿਕ ਪਛਾਣ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਸ਼ਰਧਾਲੂਆਂ ਨੂੰ ਭਗਵਾਨ ਬਾਲਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ।
ਅਖੰਡ ਜੋਤ ਦੇ ਖਨੌਰੀ ਪਹੁੰਚਣ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਇਸ ਧਾਰਮਿਕ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਅਤੇ ਜੋਤ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਉਮੀਦਵਾਰ ਹਾਰਦਿਕ ਨੈਨ ਗੁਲਾਡੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਸ਼ਾਲ ਕਾਂਸਲ, ਮਾਰਕੀਟ ਕਮੇਟੀ ਖਨੌਰੀ ਦੇ ਸਾਬਕਾ ਵਾਈਸ ਚੇਅਰਮੈਨ ਬਲਰਾਜ ਸ਼ਰਮਾ, ਨਗਰ ਪੰਚਾਇਤ ਖਨੌਰੀ ਦੀ ਪ੍ਰਧਾਨ ਰੀਤੂ ਰਾਣੀ, ਸੀਨੀਅਰ ਮੀਤ ਪ੍ਰਧਾਨ ਸ਼ੀਨੂੰ ਕਾਂਸਲ, ਸਚਿਨ ਮਾਸਟਰ, ਸੁਰਿੰਦਰ ਕਾਂਸਲ, ਰਾਜੇਸ਼ ਕੁਮਾਰ ਪੱਪੀ, ਅਸ਼ੋਕ ਕੁਮਾਰ ਬਲਰਾ, ਸਤਪਾਲ ਗਿੱਲ ਬਨਾਰਸੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ , ਚੌਧਰੀ ਰਘਵੀਰ ਸਿੰਘ ਗਿੱਲ, ਰਾਹੁਲ ਸਿੰਗਲਾ, ਰੱਜਤ ਕਾਂਸਲ, ਜੀਵਨ ਕੁਮਾਰ, ਹਰਬੰਸ ਸਿੰਗਲਾ, ਕੌਂਸਲਰ ਅਸ਼ੋਕ ਗਰਗ ਹਾਜ਼ਰ ਸਨ।
ਇਸ ਮੌਕੇ ਸ਼ਹਿਰ ਵਾਸੀਆਂ ਅਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਨੇ ਅਖੰਡ ਜੋਤ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਅਤੇ ਸ੍ਰੀ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।