- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਥਨੌਲ ਫੈਕਟਰੀ ਵਿਰੁੱਧ, ਸੰਘਰਸ਼ ਦਿਨ ਰਾਤ 'ਚ ਹੋਇਆ ਤਬਦੀਲ

ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ
ਮਾਲੇਰਕੋਟਲਾ/ਸ਼ੇਰਪੁਰ : ਹਵਾ ਪਾਣੀ ਅਤੇ ਧਰਤੀ ਹੇਠਾਂ ਪਾਏ ਜਾ ਰਹੇ ਕੈਮੀਕਲ ਪਾਣੀ ਦੇ ਵਿਰੁੱਧ ਵਿੱਚ ਜਹਾਂਗੀਰ ਨੇੜੇ ਬਣੀ ਈਥਨੌਲ ਫੈਕਟਰੀ ਵਿਰੁੱਧ ਇਲਾਕੇ ਦੇ ਲੋਕਾਂ ਦਾ ਰੋਹ ਦਿਨੋ ਦਿਨ ਭੱਖਦਾ ਜਾ ਰਿਹਾ ਹੈ ਅਤੇ ਧਰਨਾ ਅੱਜ ਦਿਨ ਰਾਤ ਵਿੱਚ ਤਬਦੀਲ ਹੋ ਗਿਆ। ਲੋਕਾਂ ਨੇ ਧੂਰੀ ਸ਼ੇਰਪੁਰ ਮਾਰਗ ਨੂੰ ਮੁੜ ਜਾਮ ਕਰਕੇ ਸਰਕਾਰ ਵਿਰੁੱਧ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਨ ਦੀ ਜੋਰਦਾਰ ਆਵਾਜ਼ ਉਠਾਈ।
ਭਾਵੇਂ ਪ੍ਰਸ਼ਾਸਨ ਵੱਲੋਂ ਇਸ ਧਰਨੇ ਨੂੰ ਸਮਾਪਤ ਕਰਵਾਉਣ ਦੀ ਲਗਾਤਾਰ ਚਰਾਜੋਈ ਕੀਤੀ ਜਾ ਰਹੀ ਹੈ ਪ੍ਰੰਤੂ ਸੰਘਰਸ਼ ਕਮੇਟੀ ਅਤੇ ਲੋਕ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਅੜੇ ਹੋਏ ਹਨ। ਜਹਾਂਗੀਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਘਨੌਰ ਖੁਰਦ, ਜਥੇਦਾਰ ਨਰਿੰਦਰ ਸਿੰਘ ਕਾਲਾਬੂਲਾ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਬਾਦਸ਼ਾਹਪੁਰ, ਕਿਸਾਨ ਆਗੂ ਪ੍ਰੀਤਮ ਸਿੰਘ ਅਤੇ ਗੁਰਚਰਨ ਸਿੰਘ ਭਸੌੜ ਰਾਜੇਵਾਲ, ਗਰੁੱਪ ਕਿਸਾਨ ਆਗੂ ਮਨਜੀਤ ਸਿੰਘ ਜਹਾਂਗੀਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਕੀਰਤ ਸਿੰਘ ਬਮਾਲ,ਜਸਪਾਲ ਸਿੰਘ ਜੱਸਾ ਘਨੌਰ ਨੇ ਕਿਹਾ ਹੈ ਕਿ ਫੈਕਟਰੀ ਵੱਲੋਂ ਹਵਾ ਪਾਣੀ ਅਤੇ ਧਰਤੀ ਨੂੰ ਲੰਮੇ ਸਮੇਂ ਤੋਂ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਜਿਸ ਕਰਕੇ ਇਲਾਕੇ ਅੰਦਰ ਕੈਂਸਰ ਕਾਲਾ ਪੀਲੀਆ ਅਤੇ ਹੋਰ ਭਿਆਨਕ ਬਿਮਾਰੀਆਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਆਪਣੇ ਕਲਾਵੇ ਵਿੱਚ ਜਕੜਿਆ ਹੋਇਆ ਹੈ।
ਆਗੂਆਂ ਨੇ ਕਿਹਾ ਦੁੱਖ ਦੀ ਗੱਲ ਤਾਂ ਇਹ ਹੈ ਕਿ ਫੈਕਟਰੀ ਦਾ ਹਰ ਸੈਂਪਲ ਫੇਲ੍ਹ ਹੋ ਚੁੱਕਾ ਹੈ ਅਤੇ ਸਬੰਧਤ ਵਿਭਾਗ ਆਪਣੀਆਂ ਰਿਪੋਰਟਾਂ ਜਨਤਕ ਕਰਨ ਤੋਂ ਲਗਾਤਾਰ ਟਾਲਾ ਵੱਟਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਡ ਉੱਪਰ ਦੀ ਲੰਘਣ ਸਮੇਂ ਫੈਕਟਰੀ ਦੀ ਬਦਬੂ ਕਿਲੋਮੀਟਰ ਤੋਂ ਪਹਿਲਾਂ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੇ ਸਾਡਾ ਵਾਤਾਵਰਨ ਜਿੱਥੇ ਪਲੀਤ ਕਰ ਦਿੱਤਾ ਹੈ ਉੱਥੇ ਹਵਾ ਅਤੇ ਪਾਣੀ ਹੇਠਾਂ ਘੁਲ ਰਹੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਇਲਾਕੇ ਅੰਦਰ ਭਿਆਨਕ ਬਿਮਾਰੀਆਂ ਫੈਲ ਚੁੱਕੀਆਂ ਹਨ। ਇਥੋਂ ਤੱਕ ਕਿ ਫੈਕਟਰੀ ਵਾਲੇ ਹੁਣ ਆਪਣਾ ਗੰਦਾ ਪਾਣੀ ਸਵਾ ਦੇ ਜ਼ਰੀਏ ਬਾਹਰ ਕੱਢ ਕੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪਾਉਣਾ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਇਹ ਫੈਕਟਰੀ ਇੱਥੇ ਲੱਗੀ ਹੈ ਉਸੇ ਦਿਨ ਤੋਂ ਹੀ ਪਿੰਡਾਂ ਦੀਆਂ ਮੋਟਰਾਂ ਚੋਂ ਨਿਕਲ ਰਿਹਾ ਕਾਲਾ ਪਾਣੀ ਅਤੇ ਸੋਰਾ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਨੂੰ ਦੇਖਦਿਆਂ ਅੱਕੇ ਹੋਏ ਲੋਕਾਂ ਵੱਲੋਂ ਇਸ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਾ ਪਿਆ ਹੈ। ਭਾਵੇਂ ਫੈਕਟਰੀ ਮਾਲਕਾਂ ਵੱਲੋਂ ਅਜਿਹਾ ਕੋਈ ਵੀ ਪ੍ਰਦੂਸ਼ਣ ਨਾ ਫੈਲਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ। ਪਰੰਤੂ ਲੋਕਾਂ ਦੀ ਪੂਰਨ ਤਸੱਲੀ ਨਾ ਹੋਣ ਕਰਕੇ ਇਹ ਲੋਕ ਰੋਹ ਦਿਨੋ ਦਿਨ ਭੱਖਦਾ ਜਾ ਰਿਹਾ ਹੈ।
---------
ਪ੍ਰਸ਼ਾਸਨ ਡੀਸੀ ਦਫਤਰ ਵਿਖੇ ਜਾ ਕੇ ਗੱਲਬਾਤ ਕਰਨ ਲਈ ਪਾ ਰਿਹਾ ਜ਼ੋਰ
ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਹੋਰ ਵੱਡੀ ਗਿਣਤੀ ਵਿੱਚ ਮਨੁੱਖੀ ਜੀਵਨ ਨਾਲ ਹੋ ਰਹੇ ਖਲਵਾੜ ਨੂੰ ਰੋਕਣ ਲਈ ਤੇ ਸੰਘਰਸ਼ ਦਾ ਸਾਥ ਦੇਣ ਤਾਂ ਜੋ ਆਪਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਅਤੇ ਫਸਲਾਂ ਨੂੰ ਬਚਾ ਸਕੀਏ। ਇਸ ਮੌਕੇ ਡੋਗਰ ਖਾਂ ਜਹਾਂਗੀਰ, ਜਗਤਾਰ ਸਿੰਘ ਸਾਬਕਾ ਪੰਚ ਘਨੌਰ ਖੁਰਦ, ਪ੍ਰੀਤਮ ਸਿੰਘ, ਗੁਰਮੁਖ ਸਿੰਘ ਮੁਖੀ ਘਨੌਰੀ ਕਲਾ, ਪਵਨ ਚਹਿਲ, ਸਰਪੰਚ ਬਹਾਦਰ ਸਿੰਘ ਕਾਤਰੋਂ ਜੱਸਾ ਸਿੰਘ ਅਤੇ ਕਿਸਾਨ ਆਗੂ ਜੀਤ ਸਿੰਘ ਰਾਜੋ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਤਾਵਾਂ ਵੀ ਹਾਜ਼ਰ ਸਨ। ਇਸ ਮਸਲੇ ਦੇ ਹੱਲ ਲਈ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਸੀ ਕਿ ਕੱਲ ਨੂੰ ਜਿਲ੍ਹੇ ਦਾ ਉੱਚ ਅਧਿਕਾਰੀ ਆ ਕੇ ਗੱਲਬਾਤ ਕਰੇਗਾ ਪਰੰਤੂ ਖਬਰ ਲਿਖੇ ਜਾਣ ਤੱਕ ਕੋਈ ਵੀ ਜਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਧਰਨੇ ਵਿਚ ਨਹੀਂ ਪੁੱਜਾ।