ਫੌਜੀ ਦੀ ਪੱਗ ਲਾਹੁਣ ਦਾ ਗਰਮਾਇਆ ਮਾਮਲਾ, ਅਕਾਲੀ ਆਗੂਆਂ ਨੇ ਚੁੱਕੇ ਸਵਾਲ; ਪੁਲਿਸ ਆਖਦੀ- ਪੂਰੀ ਜਾਂਚ ਮਗਰੋਂ ਹੋਵੇਗੀ ਕਾਰਵਾਈ
ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਪਤਨੀ ਦੇ ਇਲਾਜ ਲਈ ਆਏ ਫ਼ੌਜੀ ਨਾਲ ਸਾਈਕਲ ਸਟੈਂਡ ਚਾਲਕਾਂ ਵੱਲੋਂ ਕਥਿਤ ਤੌਰ ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਲਮ ਇਹ ਵੀ ਹੈ ਸਾਈਕਲ ਸਟੈਂਡ ਚਾਲਕਾਂ ਨੇ ਬੁਰਛਾਗਰਦੀ ਕਰਦਿਆਂ ਗੁਰਸਿੱਖ ਫੌਜੀ ਦੀ ਦਸਤਾਰ ਲਾਹ ਦਿੱਤੀ। ਨਿਹੰਗ ਸਿੰਘ ਬਾਬਾ ਘੁਮੰਡ ਸਿੰਘ ਉਗਰਾਹਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਉਕਤ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਵੀਰਵਾਰ ਨੂੰ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿੱਚ ਇੱਕ ਫੌਜੀ ਜੋੜੇ ਨਾਲ ਹੋਏ ਦੁਰਵਿਹਾਰ ਦੇ ਮਾਮਲੇ ਨੇ ਤੂਲ ਫੜ ਲਿਆ ਹੈ।
Publish Date: Thu, 05 Nov 2026 04:05 PM (IST)
Updated Date: Thu, 05 Nov 2026 04:27 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਪਤਨੀ ਦੇ ਇਲਾਜ ਲਈ ਆਏ ਫ਼ੌਜੀ ਨਾਲ ਸਾਈਕਲ ਸਟੈਂਡ ਚਾਲਕਾਂ ਵੱਲੋਂ ਕਥਿਤ ਤੌਰ ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਲਮ ਇਹ ਵੀ ਹੈ ਸਾਈਕਲ ਸਟੈਂਡ ਚਾਲਕਾਂ ਨੇ ਬੁਰਛਾਗਰਦੀ ਕਰਦਿਆਂ ਗੁਰਸਿੱਖ ਫੌਜੀ ਦੀ ਦਸਤਾਰ ਲਾਹ ਦਿੱਤੀ। ਨਿਹੰਗ ਸਿੰਘ ਬਾਬਾ ਘੁਮੰਡ ਸਿੰਘ ਉਗਰਾਹਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਉਕਤ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਵੀਰਵਾਰ ਨੂੰ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿੱਚ ਇੱਕ ਫੌਜੀ ਜੋੜੇ ਨਾਲ ਹੋਏ ਦੁਰਵਿਹਾਰ ਦੇ ਮਾਮਲੇ ਨੇ ਤੂਲ ਫੜ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਤਨਾਮ ਸਿੰਘ ਰੱਤੋਕੇ ਨੇ ਹਸਪਤਾਲ ਵਿਚ ਪਹੁੰਚਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਲਾਹੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਸੇਵਾ ਕਰ ਰਿਹਾ ਇੱਕ ਫੌਜੀ ਸ਼ਮਸ਼ੇਰ ਸਿੰਘ ਆਪਣੀ ਗਰਭਵਤੀ ਪਤਨੀ ਨਾਲ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਸਨ। ਇਸੇ ਸਿਵਲ ਹਸਪਤਾਲ ਵਿੱਚ ਸਾਈਕਲ ਸਟੈਂਡ ਚਾਲਕਾਂ ਨੇ ਹਸਪਤਾਲ ਪਰਿਸਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ।
ਫੌਜੀ ਵੱਲੋਂ ਆਪਣੀ ਧਰਮ ਪਤਨੀ ਨੂੰ ਦਿਖਾਉਣ ਅਤੇ ਰਸਮੀ ਕਾਰਵਾਈ ਪੂਰੀ ਕਰਨ ਦੀ ਗੱਲ ਕਹਿਣ ਦੇ ਬਾਵਜੂਦ ਉਸ ਨੂੰ ਬੇਇੱਜ਼ਤ ਕਰਕੇ ਦਸਤਾਰ ਉਤਾਰ ਦਿੱਤੀ ਗਈ। ਹਸਪਤਾਲ ਦੇ ਟਰੌਮਾ ਵਾਰਡ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਤੋਂ ਰਿਕਾਰਡਿੰਗ ਗਾਇਬ ਹੋਣ ਉੱਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਉਕਤ ਆਗੂਆਂ ਨੇ ਆਖਿਆ ਕਿ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਹਸਪਤਾਲ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੋਸ਼ ਲਾਇਆ ਕਿ ਘਟਨਾਕ੍ਰਮ ਨਾਲ ਜੁੜੇ ਸਮੇਂ ਦੀ ਸੀ.ਸੀ.ਟੀ.ਵੀ. ਰਿਕਾਰਡਿੰਗ ਨੂੰ ਜਾਣਬੁੱਝ ਕੇ ਡਿਲੀਟ ਕਰ ਦਿੱਤਾ ਗਿਆ ਹੈ। ਫੁਟੇਜ ਨਾ ਮਿਲਣ ਕਾਰਨ ਹਸਪਤਾਲ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਅਤੇ ਭੂਮਿਕਾ ਸਿੱਧੇ ਤੌਰ 'ਤੇ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।
ਦਸਤਾਰ ਦਾ ਅਪਮਾਨ ਨਹੀਂ ਕੀਤਾ ਜਾਵੇਗਾ ਬਰਦਾਸ਼ਤ - ਗੋਲਡੀ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਅਤੇ ਸਤਨਾਮ ਸਿੰਘ ਰੱਤੋਕੇ ਨੇ ਦੋ ਟੁੱਕ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਇਹ ਲੜਾਈ ਮਹਿਜ਼ 10-20 ਰੁਪਏ ਦੀ ਨਹੀਂ, ਸਗੋਂ ਪੰਜਾਬ ਦੇ ਹਰ ਨਾਗਰਿਕ ਅਤੇ ਫੌਜੀ ਦੀ 'ਦਸਤਾਰ ਤੇ ਪੱਗ ਦੀ ਇੱਜ਼ਤ' ਦੀ ਹੈ। ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਜੇਕਰ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਨਾ ਹੋਈ ਅਤੇ ਹਸਪਤਾਲ ਅੰਦਰ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਦਰੁਸਤ ਨਾ ਕੀਤਾ ਗਿਆ, ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਕੈਮਰਿਆਂ ਅਤੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਸਬੂਤਾਂ ਦਾ ਗਾਇਬ ਹੋਣਾ ਪ੍ਰਸ਼ਾਸਨਿਕ ਲਾਪਰਵਾਹੀ ਦੀ ਪੋਲ ਖੋਲ੍ਹ ਰਿਹਾ ਹੈ। ਇਸ ਸਬੰਧੀ ਥਾਣਾ ਸਿਟੀ ਸੁਨਾਮ ਦੇ ਐਸ.ਐੱਚ.ਓ. ਇੰਸਪੈਕਟਰ ਵਿਨਰਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਉਕਤ ਮਾਮਲੇ ਵਿੱਚ ਤੱਥ ਖੰਗਾਲੇ ਜਾ ਰਹੇ ਹਨ, ਸਹੀ ਜਾਣਕਾਰੀ ਸਾਹਮਣੇ ਆਉਣ ਤੇ ਉਚਿਤ ਕਾਰਵਾਈ ਕੀਤੀ ਜਾਵੇਗੀ।