ਪੁਲਿਸ ਵੱਲੋਂ ਮਾਨਸਾ ਜਾ ਰਹੇ ਕਾਂਗਰਸੀ ਆਗੂਆਂ ਤੇ ਕਿਸਾਨਾਂ ਦਾ ਰਾਹ ਰੋਕਣ ’ਤੇ ਹੰਗਾਮਾ ਹੰਡਿਆਇਆ ਚੌਂਕ ਵਿੱਚ ਤਣਾਅ
Publish Date: Wed, 14 Oct 2026 06:43 PM (IST)
Updated Date: Thu, 15 Oct 2026 04:01 AM (IST)
: ਹੰਡਿਆਇਆ ਚੌਂਕ ਵਿੱਚ ਤਣਾਅ , ਸਾਡੇ ਜਾਣ ਨਾਲ ਕਾਨੂੰਨ ਭੰਗ ਨਹੀਂ ਹੁੰਦਾ : ਚੰਨੀ, - ਕਿਸਾਨਾਂ ਤੋੜੇ ਪੁਲਿਸ ਦੇ ਬੈਰੀਗੇਟ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਹੰਡਿਆਇਆ ਚੌਂਕ ਵਿੱਚ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ, ਜਦੋਂ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਸਬੰਧੀ ਜਾ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ/ਵਿਧਾਇਕ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਕਾਫ਼ਲੇ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਅੱਗੇ ਜਾਣ ਤੋਂ ਰੋਕ ਲਿਆ। ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਤਿੱਖੀ ਤਕਰਾਰ ਅਤੇ ਧੱਕਾ-ਮੁੱਕੀ ਵੀ ਹੋਈ। -ਸਾਡੇ ਜਾਨ ਨਾਲ ਕਾਨੂੰਨ ਭੰਗ ਨਹੀਂ ਹੁੰਦਾ : ਚੰਨੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦੇ ਅੱਗੇ ਜਾਣ ਨਾਲ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਭੰਗ ਨਹੀਂ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸਲ ਵਿੱਚ ਕਾਨੂੰਨ ਤਾਂ ਉਸ ਸਮੇਂ ਭੰਗ ਹੋਇਆ ਸੀ ਜਦੋਂ ਸ਼ਰੇਆਮ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਗੋਲੀ ਚੱਲੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਪਰਵਿੰਦਰ ਝੋਟਾ ਲਗਾਤਾਰ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੰਦਾ ਰਿਹਾ, ਪਰ ਪੁਲਿਸ ਸਮੇਂ ਸਿਰ ਮੌਕੇ ’ਤੇ ਨਹੀਂ ਪਹੁੰਚੀ। ਪੁਲਿਸ ਨਾਲ ਲੰਮੀ ਬਹਿਸ ਬਾਜ਼ੀ ਤੇ ਤਿੱਖੀ ਤਕਰਾਰ ਤੋਂ ਬਾਅਦ ਆਖ਼ਰਕਾਰ ਪੁਲਿਸ ਨੂੰ ਬੈਰੀਕੇਡ ਖੋਲ੍ਹਣੇ ਪਏ ਤੇ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ ਮਾਨਸਾ ਵੱਲ ਰਵਾਨਾ ਹੋਇਆ। -ਕਿਸਾਨਾਂ ਨੇ ਬੈਰੀਕੇਡ ਤੋੜ ਕੇ ਕੱਢਿਆ ਕਾਫ਼ਲਾ ਇਸੇ ਦੌਰਾਨ ਹੀ ਮਾਨਸਾ ਵੱਲ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਕਾਫ਼ਲੇ ਨੂੰ ਵੀ ਪੁਲਿਸ ਨੇ ਹੰਡਿਆਇਆ ਚੌਂਕ ਵਿੱਚ ਹੀ ਰੋਕ ਲਿਆ। ਪੁਲਿਸ ਵੱਲੋਂ ਰਾਹ ਰੋਕੇ ਜਾਣ ਕਾਰਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਣਾਅ ਵਧ ਗਿਆ ਅਤੇ ਦੋਵਾਂ ਧਿਰਾਂ ਵਿਚਾਲੇ ਧੱਕਾ-ਮੁੱਕੀ ਹੋਈ। ਰੋਸ ਵਿੱਚ ਆਏ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੈਰੀਕੇਡ ਤੋੜ ਦਿੱਤੇ ਅਤੇ ਆਪਣਾ ਕਾਫ਼ਲਾ ਜ਼ਬਰਦਸਤੀ ਅੱਗੇ ਵੱਲ ਰਵਾਨਾ ਕਰ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਨਸ਼ਿਆਂ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸੂਬੇ ਦੀ ਵਿਗੜਦੀ ਜਾ ਰਹੀ ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਵੀ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਵਾਲ ਖੜ੍ਹੇ ਕੀਤੇ।