
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿੱਦਿਆ ਰਤਨ ਕਾਲਜ ਵਿਖੇ ਤੀਜ ਦਾ ਤਿਉਹਾਰ ਪੰਜਾਬੀ ਰੰਗਾਂ ਨਾਲ ਮਨਾਇਆ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਵਿੱਦਿਆ ਰਤਨ ਕਾਲਜ ਫਾਰ ਵੂਮੈਨ, ਖੋਖਰ ਕਲਾਂ ਵਿਖੇ ਤੀਆਂ ਤੀਜ ਦੀਆਂ ਤਿਉਹਾਰ ਪੰਜਾਬੀ ਸੱਭਿਆਚਾਰ ਅਤੇ ਰਵਾਇਤੀ ਲੋਕ-ਵਿਰਸੇ ਨਾਲ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਲਗਭਗ 800 ਤੋਂ 1,000 ਕਾਲਜ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਕਾਲਜ ਕੈਂਪਸ ਵਿੱਚ ਪੀਂਘਾਂ, ਝੂਲੇ, ਰਵਾਇਤੀ ਪਹਿਰਾਵੇ, ਖਾਣ-ਪੀਣ ਦੇ ਸਟਾਲ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਵਿਦਿਆਰਥਣਾਂ ਵੱਲੋਂ ਗਿੱਧਾ, ਕੋਰੀਓਗ੍ਰਾਫੀ, ਲੋਕ-ਨਾਚ, ਲੋਕ-ਗੀਤ ਅਤੇ ਰੰਗਾ-ਰੰਗ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਮਨਮੋਹਕ ਝਲਕ ਪੇਸ਼ ਕੀਤੀ ਗਈ। ਪੰਜਾਬੀ ਬੋਲੀਆਂ ਅਤੇ ਰਵਾਇਤੀ ਪਹਿਰਾਵਿਆਂ ਨੇ ਤੀਜ ਦੇ ਇਸ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।
ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਧਰਮ ਪਤਨੀ ਸੀਮਾ ਗੋਇਲ ਅਤੇ ਨਗਰ ਕੌਂਸਲ ਲਹਿਰਾ ਦੀ ਪ੍ਰਧਾਨ ਕਾਂਤਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ‘ਮਿਸ ਤੀਜ’ ਮੁਕਾਬਲਾ ਰਿਹਾ। ਤਿੰਨ ਰਾਊਂਡਾਂ ਵਿੱਚ ਹੋਏ ਇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੀ.ਸੀ.ਏ. ਵਿਭਾਗ ਦੀ ਵਿਦਿਆਰਥਣ ਇਸ਼ਮੀਤ ਕੌਰ ਨੇ ‘ਮਿਸ ਤੀਜ’ ਦਾ ਖਿਤਾਬ ਆਪਣੇ ਨਾਂ ਕੀਤਾ। ਮੁਕਾਬਲੇ ਦੀ ਜੱਜਮੈਂਟ ਸ਼ੈਲਜਾ ਅਗਰਵਾਲ, ਮੁਸਕਾਨ ਗੋਇਲ, ਰੂਬੀ ਗੋਇਲ, ਪਲਕ ਗੋਇਲ ਅਤੇ ਸ਼ਵੇਤਾ ਜੈਨ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਤਿੰਨੋਂ ਰਾਊਂਡਾਂ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਇਸ਼ਮੀਤ ਕੌਰ ਨੂੰ ‘ਮਿਸ ਤੀਜ’ ਚੁਣਿਆ। ਇਸ ਮੌਕੇ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾਂ ਨੇ ਮੁੱਖ ਮਹਿਮਾਨਾਂ, ਪ੍ਰਬੰਧਕ ਕਮੇਟੀ, ਵਿਦਿਆਰਥਣਾਂ, ਵਿਭਾਗ ਮੁਖੀਆਂ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੇੈਅਰਮੈਨ ਚੈਰੀ ਗੋਇਲ ਅਤੇ ਐਮ.ਡੀ ਹਿਮਾਂਸ਼ੂ ਗਰਗ ਦੀ ਦੂਰਦਰਸ਼ੀ ਅਗਵਾਈ ਹੇਠ ਕਾਲਜ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਨਵੇਂ ਮੌਕੇ ਸਿਰਜ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।