ਐਸਯੂਐਸ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ ਐਸਯੂਐਸ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ
Publish Date: Sat, 22 Aug 2026 04:31 PM (IST)
Updated Date: Sun, 23 Aug 2026 04:00 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਚੇਅਰਮੈਨ ਰਾਓਵਿੰਦਰ ਸਿੰਘ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਡੁੱਲਟ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਹਿਲਾਂ ਚੌਂਕ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਅਮਨਦੀਪ ਕੌਰ ਅਤੇ ਡਾ. ਹਰਦੀਪ ਕੌਰ ਸਾਥੀਆਂ ਸਮੇਤ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਿਤ ਗਿੱਧਾ, ਬੋਲੀਆਂ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਰੰਗ ਬੰਨ੍ਹਿਆ ਗਿਆ। ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ, ਰਵਾਇਤੀ ਗਹਿਣਿਆਂ ਅਤੇ ਲੋਕ-ਰੰਗਾਂ ਰਾਹੀਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਬਾਖੂਬੀ ਪੇਸ਼ ਕੀਤਾ। ਤੀਆਂ ਦੇ ਇਸ ਸਮਾਗਮ ਨੇ ਪੁਰਾਤਨ ਪੰਜਾਬੀ ਰੀਤੀ-ਰਿਵਾਜਾਂ ਅਤੇ ਲੋਕ-ਪਰੰਪਰਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਵੱਖ-ਵੱਖ ਮਨੋਰੰਜਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾਲਿਆ। ਸਮਾਗਮ ਦੌਰਾਨ ਪੰਜਾਬੀ ਵਿਰਸੇ ਦੀ ਝਲਕ ਨੇ ਸਮੂਹ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ ਅਤੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਸੰਸਥਾ ਦੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ, ਵਿਰਸੇ ਅਤੇ ਲੋਕ-ਪਰੰਪਰਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀ ਸੰਭਾਲ ਅਤੇ ਪ੍ਰਚਾਰ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਤੀਆਂ ਦੇ ਤਿਉਹਾਰ ਨਾਲ ਸਬੰਧਿਤ ਗਤੀਵਿਧੀਆਂ ਵਿੱਚੋਂ ਪ੍ਰੋ. ਅਮਨਪ੍ਰੀਤ ਕੌਰ, ਸੁਮਨਦੀਪ ਕੌਰ(12ਵੀ. ਕਲਾਸ) ਅਤੇ ਕਿਰਨਦੀਪ ਕੌਰ (ਬੀਕਾਮ) ਨੂੰ ਮਿਸ ਤੀਜ ਚੁਣਿਆ ਗਿਆ। ਜਿਹੜੇ ਵਿਦਿਆਰਥੀਆਂ ਨੇ ਵੱਖੋ-ਵੱਖ ਗਤੀਵਧੀਆਂ ਵਿੱਚ ਭਾਗ ਲਿਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅਮਨਦੀਪ ਕੌਰ ਵੱਲੋਂ ਦਰਜਾ-4 ਦੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਫ਼ਲਤਾ ਲਈ ਪ੍ਰਿੰਸੀਪਲ ਡਾ. ਕੁਲਵੰਤ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।