
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਕਾਲ ਸਹਾਇ ਅਕੈਡਮੀ ’ ਚ ਮਨਾਈਆਂ ਤੀਆਂ ਤੀਜ ਦੀਆਂ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੂਟਾਲ ਕਲਾਂ ਵਿਖੇ ਤੀਆਂ ਤੀਜ ਦੀਆਂ ਬੜੇ ਹੀ ਉਤਸ਼ਾਹ ਪੂਰਵਕ ਮਨਾਈਆਂ ਗਈਆਂ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਅਮੀਰ ਲੋਕ ਵਿਰਸੇ, ਰਵਾਇਤੀ ਗੀਤਾਂ, ਗਿੱਧੇ, ਭੰਗੜੇ ਅਤੇ ਲੋਕ ਨਾਚਾਂ ਰਾਹੀਂ ਦਰਸ਼ਕਾਂ ਨੂੰ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਧਰਮ ਪਤਨੀ ਸੀਮਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਵੇਤਾ ਜੈਨ, ਓਨਰ ਅਰੀਅੰਤ ਜੁਐਲਰਜ਼ ਲਹਿਰਾ ਅਤੇ ਅਨੂ ਸਿੰਗਲਾ ਨੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ‘ਤੇਰੀ ਕਣਕ ਦੀ ਰਾਖੀ’ ਗੀਤ ਅਤੇ ਅਦਾਕਾਰੀ ਦੀ ਪੇਸ਼ਕਾਰੀ ਨਾਲ ਹੋਈ। ਛੇਵੀਂ ਅਤੇ ਚੌਥੀ ਕਲਾਸ ਦੀਆਂ ਵਿਦਿਆਰਥਣਾਂ ਵੱਲੋਂ ‘ਅੱਜ ਅੱਲੜਾਂ ਦੇ ਰੱਬ ਯਾਦ ਨਹੀਂ’ ਉੱਤੇ ਕੀਤੀ ਗਈ ਅਦਾਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਛੇਵੀਂ ਅਤੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ। ਅਦਾਕਾਰੀ ਰਾਹੀਂ ‘ਗਿੱਧਾ ਕਿਵੇਂ ਪਾਈਂਦਾ’ ਦੀ ਝਲਕ ਪੇਸ਼ ਕੀਤੀ ਗਈ। ਕੋਰੀਓਗ੍ਰਾਫੀ ਗਰੁੱਪ ਦੀ ਹੈੱਡ ਵੰਸ਼ਿਕਾ ਪੁਰੀ ਦੀ ਅਗਵਾਈ ਹੇਠ ‘ਮਾਤਾ-ਪਿਤਾ ਤੋਂ ਬਿਨਾਂ ਪੇਕੇ ਨਹੀਂ ਹੁੰਦੇ’ ਵਿਸ਼ੇ ’ਤੇ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ਨੇ ਸਮਾਗਮ ਨੂੰ ਭਾਵੁਕ ਮੋੜ ਦੇ ਦਿੱਤਾ। ਸਕੂਲ ਵੱਲੋਂ ਪੰਜਾਬ ਦੇ ਪੁਰਾਤਨ ਲੋਕ ਵਿਰਸੇ ਨੂੰ ਦਰਸਾਉਂਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਾਈ ਗਈ। ਇਸ ’ਚ ਪੁਰਾਣੀ ਰਸੋਈ, ਪਿੱਤਲ ਦੇ ਭਾਂਡੇ, ਚੁੱਲ੍ਹਾ, ਹਾਰਾ, ਅੰਗੀਠੀ, ਮੰਜੇ, ਚਰਖੇ, ਮਧਾਣੀਆਂ ਅਤੇ ਖੂਹ ਆਦਿ ਦੀ ਝਲਕ ਪੇਸ਼ ਕੀਤੀ ਗਈ। ਪ੍ਰਦਰਸ਼ਨੀ ਵਿੱਚ ਤ੍ਰਿੰਝਣ ਵਿੱਚ ਚਰਖਾ ਕੱਤਦੀਆਂ ਮੁਟਿਆਰਾਂ, ਪੀਂਘਾਂ ਝੂਟਦੀਆਂ ਕੁੜੀਆਂ, ਦਰੀਆਂ ਅਤੇ ਨਾਲੇ ਬੁਣਦੀਆਂ ਮੁਟਿਆਰਾਂ, ਖੇਸ ਤੇ ਚਾਦਰਾਂ ਤਿਆਰ ਕਰਨ ਅਤੇ ਸਿਰਹਾਣਿਆਂ ਦੀ ਕਢਾਈ ਵਰਗੇ ਪੁਰਾਤਨ ਪੰਜਾਬੀ ਜੀਵਨ ਨਾਲ ਜੁੜੇ ਦ੍ਰਿਸ਼ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਇਸ ਸਮੇਂ ਮੁੱਖ ਮਹਿਮਾਨ ਸੀਮਾ ਗੋਇਲ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸਮਾਗਮ ਦੇ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਰਜਨੀ ਰਾਣੀ ਵੱਲੋਂ ਮੁੱਖ ਮਹਿਮਾਨ ਸੀਮਾ ਗੋਇਲ, ਸਵੇਤਾ ਜੈਨ, ਅਨੂ ਸਿੰਗਲਾ ਅਤੇ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਸਕੂਲ ਦੇ ਚੇਅਰਮੈਨ ਤਰਸੇਮ ਪੁਰੀ ਨੇ ਕਿਹਾ ਕਿ ਇਸ ਸ਼ਾਨਦਾਰ ਸਮਾਗਮ ਦੀ ਸਫਲਤਾ ਦਾ ਸਿਹਰਾ ਪ੍ਰਿੰਸੀਪਲ ਰਜਨੀ ਰਾਣੀ ਅਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ।