
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਦਰਸ਼ ਸਕੂਲਾਂ ਦੇ ਅਧਿਆਪਕ ਪਏ ਸੰਘਰਸ਼ ਦੇ ਰਾਹ

ਮੁੱਖ ਮੰਤਰੀ ਭਗਵੰਤ ਮਾਨ ਦਾ ਮੰਗਿਆ ਦਖ਼ਲ
ਦੋ ਹਫ਼ਤਿਆਂ ਤੋਂ ਕਲਮ ਛੋੜ ਹੜਤਾਲ ਕਰਕੇ ਲੱਗਾ ਹੈ ਪੱਕਾ ਧਰਨਾ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ ਗੰਢੂਆਂ ਵਿਖੇ ਸਥਿਤ ਆਦਰਸ਼ ਸਕੂਲ ਦੇ ਅਧਿਆਪਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੇ ਸੰਘਰਸ਼ ਵਿੱਢਿਆ ਹੋਇਆ ਹੈ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਆਦਰਸ਼ ਸਕੂਲ ਟੀਚਿੰਗ ਅਤੇ ਨਾਨ ਟੀਚਿੰਗ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਆਪਣੀਆਂ ਨਿਗੂਣੀਆਂ ਤਨਖਾਹਾਂ ’ਚ ਵਾਧੇ ਨੂੰ ਲੈਕੇ ਕਲਮ ਛੋੜ ਹੜਤਾਲ ਕਰਕੇ ਡੀਸੀ ਦਫਤਰ ਸੰਗਰੂਰ ਵਿਖੇ ਪੱਕੇ ਧਰਨੇ ’ਤੇ ਬੈਠੇ ਹਨ। ਇਸ ਸਬੰਧੀ ਅਧਿਆਪਕ ਆਗੂ ਗੁਰਜੀਤ ਸਿੰਘ ਚਹਿਲ, ਅਮਨ ਸ਼ਾਸਤਰੀ, ਗੁਰਜਿੰਦਰ ਰਾਮ, ਗੋਪਾਲ ਕ੍ਰਿਸ਼ਨ, ਗੁਰਦੀਪ ਸਿੰਘ, ਸੁਖਪਾਲ ਲਖਮੀਰਵਾਲਾ ਅਤੇ ਰੋਹਿਤ ਅਰੋੜਾ ਨੇ ਦੱਸਿਆ ਕਿ ਇਹ ਸਕੂਲ ਸੰਨ 2012 ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਪੇਡੂ ਬੱਚਿਆਂ ਨੂੰ ਸੀਬੀਐੱਸਈ ਬੋਰਡ ਨਵੀਂ ਦਿੱਲੀ ਤਹਿਤ ਮੁਫਤ ਵਿੱਦਿਆ ਦੇਣ ਲਈ ਖੋਲੇ ਗਏ ਸਨ, ਜੋ ਕਿ ਪੇਂਡੂ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਏ ਜਿਹੜੇ ਕਥਿਤ ਤੌਰ ’ਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰੱਥ ਹਨ।
ਉਨ੍ਹਾਂ ਦੱਸਿਆ ਕਿ ਇੰਨਾ ਸਕੂਲਾਂ ਨੂੰ ਚਲਾ ਰਹੇ ਪੰਜਾਬ ਸਿੱਖਿਆ ਵਿਕਾਸ ਬੋਰਡ (ਪੀਈਡੀਬੀ) ਮੋਹਾਲੀ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹਨ ਪਰ ਅਫਸੋਸ ਉਨ੍ਹਾਂ ਕਦੀ ਵੀ ਇੰਨ੍ਹਾਂ ਸਕੂਲਾਂ ਦੀ ਸਾਰ ਨਹੀਂ ਲਈ, ਭਾਵੇਂ ਸਮੇਂ ਸਮੇਂ ਤੇ ਇਨ੍ਹਾਂ ਸਕੂਲਾਂ ਦੇ ਸਟਾਫ ਦੀਆਂ ਤਨਖਾਹਾਂ ਚ ਵਾਧੇ ਨੂੰ ਲੈਕੇ ਪੰਜਾਬ ਸਰਕਾਰ ਦੀ ਸਬ ਕਮੇਟੀ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਰਹੀਆਂ ਪਰ ਪਰਨਾਲਾ ਓਥੇ ਦਾ ਓਥੇ ਹੀ ਰਿਹਾ ਹੈ । ਦੱਸ ਦੇਈਏ ਕਿ ਆਦਰਸ਼ ਸਕੂਲ ਗੰਢੂਆਂ ਵਿਖੇ ਪੜ੍ਹ ਰਹੇ ਕਰੀਬ 1700 ਬੱਚਿਆਂ ਦਾ ਭਵਿੱਖ ਅਧਿਆਪਕਾਂ ਵੱਲੋਂ ਅਣਮਿੱਥੇ ਸਮੇਂ ਲਈ ਲਗਾਏ ਪੱਕੇ ਧਰਨੇ ਕਾਰਨ ਧੁੰਦਲਾ ਵਿਖਾਈ ਦੇ ਰਿਹਾ ਹੈ। ਸੁਨਣ ਵਿੱਚ ਆਇਆ ਹੈ ਕਿ ਜ਼ਿਲ੍ਹ੍ਾ ਸਿੱਖਿਆ ਅਫਸਰ (ਸੈਕੰਡਰੀ) ਸੰਗਰੂਰ ਵਲੋਂ ਉਕਤ ਬੱਚਿਆਂ ਨੂੰ ਪੜਾਉਣ ਲਈ ਆਰਜੀ ਅਧਿਆਪਕ ਭੇਜੇ ਗਏ ਸਨ ਪਰ ਉਹ ਵੀ ਇੰਨੇ ਜਿਆਦਾ ਬੱਚਿਆਂ ਨੂੰ ਪੜਾਉਣ ’ਚ ਅਸਮਰੱਥ ਨਜਰ ਆਏ, ਜਿਸ ਤਹਿਤ ਸਕੂਲ ਦੀਆਂ ਪ੍ਰਾਇਮਰੀ ਜਮਾਤਾਂ ਨੂੰ ਅਣਮਿੱਥੇ ਸਮੇਂ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ । ਉਕਤ ਸਕੂਲ ’ਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪੇ ਜਿੱਥੇ ਕਾਫੀ ਚਿੰਤਾ ਵਿਚ ਹਨ, ਓਥੇ ਨਾਲ ਸਕੂਲ ਸਟਾਫ ਦੀ ਜਾਇਜ਼ ਮੰਗ ਨੂੰ ਲੈਕੇ ਆਪੋ ਆਪਣੇ ਪੱਧਰ ਤੇ ਸਰਕਾਰ ਤੱਕ ਪਹੁੰਚ ਕਰਨ ਦਾ ਯਤਨ ਕਰ ਰਹੇ ਹਨ ਕਿ ਸਰਕਾਰ ਸਟਾਫ ਦੀ ਮੰਗ ਮੰਨਕੇ ਤਨਖਾਹਾਂ ’ਚ ਵਾਧਾ ਕਰਕੇ ਸਕੂਲ ਚ ਭੇਜੇ ਤਾਂ ਜੋ ਬੱਚਿਆਂ ਦੀ ਪੜਾਈ ਦਾ ਹੋਰ ਨੁਕਸਾਨ ਨਾ ਹੋਵੇ। ਅਧਿਆਪਕ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਸੰਘਰਸ਼ ਲਈ ਉਨ੍ਹਾਂ ਨੂੰ ਹੋਰਨਾਂ ਅਧਿਆਪਕ ਜਥੇਬੰਦੀਆਂ ਤੋਂ ਇਲਾਵਾ ਕਿਸਾਨ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ, ਜਿਸ ਕਰਕੇ ਉਹ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਸਕੂਲਾਂ ’ਚ ਪਰਤਣਗੇ।