- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐਮਡੀ ਡਾ. ਬਸੰਤ ਗਰਗ ਵਲੋਂ 66 ਕੇਵੀ ਗਰਿੱਡ ਸਬ-ਸਟੇਸ਼ਨ ਬਡਬਰ ਦਾ ਅਚਨਚੇਤ ਦੌਰਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੀਐੱਸਪੀਸੀਐੱਲ/ਪੀਸੀਟੀਸੀਐੱਲ ਦੇ ਸੀਐੱਮਡੀ ਕਮ ਮੈਨੈਜਿੰਗ ਡਾਇਰੈਕਟਰ ਡਾ. ਬਸੰਤ ਗਰਗ (ਆਈਏਐੱਸ) ਵੱਲੋਂ 66 ਕੇਵੀ ਗਰਿੱਡ ਸਬ-ਸਟੇਸ਼ਨ ਬਡਬਰ ਦਾ ਦੌਰਾ ਕਰ ਕੇ ਖੇਤੀਬਾੜੀ ਤੇ ਘਰੇਲੂ ਖਪਤਕਾਰਾਂ ਲਈ ਬਿਜਲੀ ਸਪਲਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੀਐੱਮਡੀ ਡਾ. ਬਸੰਤ ਗਰਗ ਵੱਲੋਂ 66 ਕੇਵੀ ਬਡਬਰ ਗਰਿੱਡ ਸਬ-ਸਟੇਸ਼ਨ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਉਕਤ ਸਬ ਸਟੇਸ਼ਨ ਸਾਲ 2009 ’ਚ 12.5 ਐੱਮਵੀਏ ਦਾ ਇਕ ਪਾਵਰ ਟ੍ਰਾਂਸਫਾਰਮਰ ਨਾਲ ਚਾਲੂ ਕੀਤਾ ਗਿਆ ਸੀ। ਇਹ ਗਰਿੱਡ 220 ਕੇਵੀ ਧਨੌਲਾ ਸਬ-ਸਟੇਸ਼ਨ ਤੋਂ 12 ਕਿਲੋਮੀਟਰ ਲੰਬੀ 66 ਕੇਵੀ ਸਿੰਗਲ-ਸਰਕਟ ਲਾਈਨ ਰਾਹੀਂ ਬਿਜਲੀ ਪ੍ਰਾਪਤ ਕਰਦਾ ਹੈ, ਜੋ ਇਸ ਸਮੇਂ ਲਗਭਗ 60 ਫੀਸਦੀ ਲੋਡ ’ਤੇ ਚੱਲ ਰਹੀ ਹੈ। ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਨੂੰ ਦੇਖਦਿਆਂ ਸਾਲ 2015 ’ਚ ਗਰਿੱਡ ਵਿਖੇ ਵਾਧੂ 12.5 ਐੱਮਵੀਏ ਪਾਵਰ ਟ੍ਰਾਂਸਫਾਰਮਰ ਸਥਾਪਤ ਕੀਤਾ ਗਿਆ ਸੀ। ਮੌਜੂਦਾ ਸਮੇਂ ਦੋਵੇਂ ਟ੍ਰਾਂਸਫਾਰਮਰ 80% ਲੋਡ ’ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਬਡਬਰ ਗਰਿੱਡ ਤੋਂ ਚਾਰ ਨਾਨ-ਏਪੀ ਫੀਡਰਾਂ ਰਾਹੀਂ ਬਡਬਰ, ਭੂਰੇ, ਕੁੱਬੇ, ਭੈਣੀ ਮਹਿਰਾਜ ਅਤੇ ਆਸਪਾਸ ਦੇ ਇਲਾਕਿਆਂ ਨੂੰ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ਲਈ 9 ਏਪੀ (ਖੇਤੀਬਾੜੀ) ਫੀਡਰ ਵੀ ਇਸ ਗਰਿੱਡ ਤੋਂ ਚਲਾਏ ਜਾ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਮਿਆਰੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਭਵਿੱਖ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਤੇ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਧਾਉਣ ਲਈ ਟ੍ਰਾਂਸਫਾਰਮਰ ਨੰਬਰ-1 ਦੀ ਸਮਰੱਥਾ 12.5 ਐੱਮਵੀਏ ਤੋਂ ਵਧਾ ਕੇ 20 ਐੱਮਵੀਏ ਕਰਨ ਦੀ ਤਜਵੀਜ਼ ’ਤੇ ਕੰਮ ਚੱਲ ਰਿਹਾ ਹੈ। ਡਾ. ਬਸੰਤ ਗਰਗ ਸੀਐੱਮਡੀ ਬਸੰਤ ਗਰਗ ਨੇ ਗਰਿੱਡ ਦੀ ਮੌਜੂਦਾ ਸਥਿਤੀ, ਟ੍ਰਾਂਸਫਾਰਮਰਾਂ ਦੀ ਲੋਡਿੰਗ, ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਵਿੱਖੀ ਸਮਰੱਥਾ ਵਾਧੇ ਦੀਆਂ ਯੋਜਨਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲੈਣ ਤੋਂ ਬਾਦ ਫੀਲਡ ਅਧਿਕਾਰੀਆਂ ਵੱਲੋਂ ਬਿਜਲੀ ਸਪਲਾਈ ਨੂੰ ਸੁਚਾਰੂ ਅਤੇ ਭਰੋਸੇਯੋਗ ਬਣਾਈ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਬਸੰਤ ਗਰਗ ਨੇ ਕਿਹਾ ਕਿ ਪੀਐਸਪੀਸੀਐਲ ਵੱਲੋਂ ਸੂਬੇ ਦੇ ਬਿਜਲੀ ਵੰਡ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉੰਨਾਂ ਬਿਜਲੀ ਅਧਿਕਾਰੀਆਂ ਨੂੰ ਖੇਤੀਬਾੜੀ ਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ।