- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡ ਕਲੱਬ ਨੂੰ 50 ਹਜ਼ਾਰ ਦੀ ਰਾਸ਼ੀ ਭੇਂਟ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਨੌਜਵਾਨ ਅਤੇ ਛੋਟੇ ਬੱਚਿਆ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਉੱਘੇ ਕਬੱਡੀ ਖਿਡਾਰੀ ਦਿਲਵਰ ਝੁਨੇਰ ਵਲੋਂ ਪਿੰਡ ਝਨੇਰ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਕਬੱਡੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੌਸਲਾ ਦੇਣ ਲਈ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਅਤੇ ਮਾਲਵਾ ਸਪੋਰਟਸ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ ਮਾਨ ਵੱਲੋਂ ਦਿਲਵਰ ਸਿੰਘ ਝੁਨੇਰ ਦੇ ਕਬੱਡੀ ਕਲੱਬ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਹ ਰਾਸ਼ੀ ਐੱਨਆਰਆਈ ਵੀਰ ਕਲਦੀਪ ਸਿੰਘ ਬੋੜਹਾਈ ਆਸਟਰੇਲੀਆ, ਬੌਬੀ ਜੰਡਾਲੀ ਕੈਨੇਡਾ ਅਤੇ ਦਵਿੰਦਰ ਸਿੰਘ ਮਾਨ ਵੱਲੋਂ ਕਲੱਬ ਦੇ ਖਿਡਾਰੀਆਂ ਦੀ ਚੰਗੀ ਖੁਰਾਕ ਅਤੇ ਖੇਡਾਂ ਨਾਲ ਸਬੰਧਤ ਲੋੜਾਂ ਲਈ ਭੇਜੀ ਗਈ ਸੀ।
ਇਸ ਰਾਸ਼ੀ ਨੂੰ ਜੱਸੀ ਖੰਗੂੜਾ ਤੇ ਦਵਿੰਦਰ ਸਿੰਘ ਮਾਨ ਵੱਲੋਂ ਦਿਲਵਰ ਸਿੰਘ ਝੁਨੇਰ ਨੂੰ ਸੌਂਪਿਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਰਫ਼ ਗੱਲਾਂ ਕਰਨ ਦੀ ਬਜਾਏ ਉਨ੍ਹਾਂ ਨੂੰ ਖੇਡਾਂ ਦੇ ਮੈਦਾਨ ਤੱਕ ਲੈ ਕੇ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਨੌਜਵਾਨ ਗਰਾਊਂਡ ਵਿੱਚ ਪਸੀਨਾਂ ਵਹਾਉਂਦਾ ਹੈ, ਉਸ ਦੇ ਹੱਥ ਵਿੱਚ ਨਸ਼ੇ ਦੀ ਬਜਾਏ ਖੇਡ ਦਾ ਸਾਜ ਹੁੰਦਾ ਹੈ ਅਤੇ ਉਸ ਦੀ ਸੋਚ ਆਪਣੇ ਭਵਿੱਖ ਨੂੰ ਬਣਾਉਣ ਵੱਲ ਹੁੰਦੀ ਹੈ। ਇਸ ਲਈ ਅਜਿਹੇ ਖੇਡ ਕਲੱਬ ਹਰ ਪਿੰਡ ਪੱਧਰੀ ਹੋਣੇ ਚਾਹੀਦੇ ਹਨ।
ਦਿਲਵਰ ਝੁਨੇਰ ਵੱਲੋਂ ਬੱਚਿਆਂ ਨੂੰ ਕਬੱਡੀ ਦੀ ਕੋਚਿੰਗ ਦੇਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੱਸੀ ਖੰਗੂੜਾ ਨੇ ਕਿਹਾ ਕਿ ਦਿਲਵਰ ਖੁਦ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਰਹੇ ਹਨ ਅਤੇ ਹੁਣ ਆਪਣੇ ਤਜਰਬੇ ਨੂੰ ਨੌਜਵਾਨ ਖਿਡਾਰੀਆਂ ਨਾਲ ਸਾਂਝਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਮਿਹਨਤ, ਸਬਰ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਦੂਰ ਰੱਖਣ ਵਿੱਚ ਵੱਡੀ ਮਦਦ ਮਿਲ ਸਕਦੀ ਹੈ। ਮਾਲਵਾ ਸਪੋਰਟਸ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ ਮਾਨ ਨੇ ਕਿਹਾ ਕਿ ਖਿਡਾਰੀਆਂ ਅਤੇ ਕੋਚਾਂ ਦੀ ਹੌਸਲਾ ਅਫਜ਼ਾਈ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਗਰਾਉਂਡਾਂ ਵਿੱਚ ਮਿਹਨਤ ਕਰ ਰਹੇ ਬੱਚਿਆਂ ਨੂੰ ਜੇਕਰ ਸਮਾਜ ਦਾ ਸਹਿਯੋਗ ਮਿਲੇ ਤਾਂ ਉਹ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆ ਕਰ ਸਕਦੇ ਹਨ।
ਇਸ ਮੌਕੇ ਕਬੱਡੀ ਖਿਡਾਰੀ ਸ਼ਿਲਕਾ ਜੰਡਾਲੀ, ਗੋਲੂ ਕੰਗਣਵਾਲ, ਬਨੀ ਢਿੱਲੋਂ ਘੁੰਗਰਾਣਾ, ਦੀਪ ਢਿੱਲੋਂ, ਸੁਸ਼ੀਲ ਕੁਮਾਰ ਸ਼ੀਲਾ ਗੋਪਾਲ ਪੁਰ, ਦਲਬੀਰ ਸਿੰਘ ਖੰਗੂੜਾ ਲਤਾਲਾ, ਨਿੰਦੀ ਖੰਗੂੜਾ,ਅਵੀ ਵਾਲੀਆ,ਰਾਮ ਜੀ ਦਾਸ ਚੌਹਾਨ, ਦਲਵੀਰ ਸਿੰਘ ਹਾਜਰ ਸਨ।