- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਬਾਦਲ ਬਰਨਾਲਾ ’ਚ ਅੱਜ : ਸੰਜੀਵ ਸ਼ੋਰੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 29 ਅਕਤੂਬਰ ਦਿਨ ਵੀਰਵਾਰ ਨੂੰ ਬਰਨਾਲਾ ਸ਼ਹਿਰ ਦੇ ਧਨੌਲਾ ਰੋਡ ’ਤੇ ਬਣੇ ਇੱਕ ਨਿੱਜੀ ਪੈਲਸ ਵਿੱਚ ਪੁੱਜ ਰਹੇ ਹਨ। ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਸ਼ਹਿਰ ਦੇ ਵਪਾਰੀਆਂ ਨਾਲ ਇੱਕ ਖਾਸ ਨਿੱਜੀ ਮਿਲਣੀ ਕਰਨ ਆ ਰਹੇ ਹਨ।
ਕਾਰੋਬਾਰੀਆਂ ਦੇ ਦੁੱਖ-ਦਰਦ ਸੁਣ ਕੇ ਚੋਣ ਮੈਨੀਫੈਸਟੋ ’ਚ ਪਾਉਣਗੇ ਹੱਲ
ਮੀਟਿੰਗ ਦਾ ਮੁੱਖ ਮਕਸਦ ਵਪਾਰੀਆਂ ਨੂੰ ਕਾਰੋਬਾਰ ਵਿੱਚ ਆ ਰਹੀਆਂ ਔਕੜਾਂ ਅਤੇ ਤੰਗੀਆਂ-ਤੁਰਸ਼ੀਆਂ ''ਤੇ ਖੁੱਲ੍ਹ ਕੇ ਗੱਲਬਾਤ ਕਰਨਾ ਹੈ। ਸੁਖਬੀਰ ਬਾਦਲ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨਗੇ, ਤਾਂ ਜੋ ਸਰਕਾਰ ਬਣਨ ''ਤੇ ਇਹਨਾਂ ਦਿੱਕਤਾਂ ਤੋਂ ਰਾਹਤ ਦਿਵਾਈ ਜਾ ਸਕੇ। ਜ਼ਿਕਰਯੋਗ ਹੈ ਕਿ ਲੰਘੇ ਦਿਨਾਂ ਵਿੱਚ ਵੀ ਬਰਨਾਲਾ ਦੇ ਇੱਕ ਪ੍ਰਾਰਥਨਾ ਹਾਲ ''ਚ ਅਕਾਲੀ ਦਲ ਦੇ ਵਪਾਰ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਐਨ ਕੇ ਸ਼ਰਮਾ ਵਪਾਰੀਆਂ ਨਾਲ ਮੀਟਿੰਗ ਕਰ ਕੇ ਗਏ ਸਨ।
ਹਿੰਦੂ ਵੋਟ ਬੈਂਕ ’ਤੇ ਨਜ਼ਰ ਤੇ ਅਕਾਲੀ-ਭਾਜਪਾ ਗੱਠਜੋੜ ਦੇ ਸਿਆਸੀ ਸਮੀਕਰਨ
ਸਿਆਸੀ ਮਾਹਰਾਂ ਮੁਤਾਬਕ ਬਰਨਾਲਾ ਸ਼ਹਿਰ ਦੇ ਵਪਾਰੀ ਵਰਗ ਅਤੇ ਹਿੰਦੂ ਵੋਟ ਬੈਂਕ ਨੂੰ ਆਪਣੇ ਨਾਲ ਜੋੜਨ ਲਈ ਅਕਾਲੀ ਦਲ ਹਰ ਦਾਅ ਖੇਡ ਰਿਹਾ ਹੈ। ਵਪਾਰੀਆਂ ਨਾਲ ਪਰਿਵਾਰਕ ਸਾਂਝ ਵਧਾਉਣ ਦਾ ਇਹ ਉਪਰਾਲਾ ਦੱਸਦਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਵਿੱਚ ਬਰਨਾਲਾ ਵਿਧਾਨ ਸਭਾ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਹੀ ਰਹੇਗੀ। ਹਫ਼ਤੇ ਦੇ ਅੰਦਰ-ਅੰਦਰ ਵਪਾਰ ਵਿੰਗ ਦੇ ਪ੍ਰਧਾਨ ਤੋਂ ਬਾਅਦ ਹੁਣ ਖੁਦ ਪਾਰਟੀ ਪ੍ਰਧਾਨ ਦਾ ਅੱਗੇ ਆਉਣਾ, ਵਰਕਰਾਂ ਦੇ ਹੌਸਲੇ ਬੁਲੰਦ ਕਰਨ ਅਤੇ ਵਪਾਰੀਆਂ ਨਾਲ ਇੱਕੋ ਟੇਬਲ ''ਤੇ ਬੈਠ ਕੇ ਨਿੱਜੀ ਰੋੜੇ ਲਾਹੁਣ ਦੀ ਕਵਾਇਦ ਹੈ।