- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਚੌਂਦਾ ’ਚ ਕਰਵਾਇਆ 'ਵਿਰਾਸਤੀ ਮੇਲਾ'

ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਪਿੰਡ ਚੌਂਦਾ ਵਿਖੇ ਡਾ. ਗੁਰਪ੍ਰੀਤ ਕੌਰ ਢੀਂਡਸਾ ਤੇ ਇੰਦਰਜੀਤ ਸਿੰਘ ਰੌਕੀ ਢੀਂਡਸਾ ਦੀ ਅਗਵਾਈ ’ਚ ਪੇਂਡੂ ਸੱਭਿਆਚਾਰ ਤੇ ਵਿਰਸੇ ਦੀ ਝਲਕ ਪੇਸ਼ ਕਰਦਾ ‘ਵਿਰਾਸਤੀ ਮੇਲਾ’ ਕਰਵਾਇਆ ਗਿਆ। ਇਸ ਮੇਲੇ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀਨੀਅਰ ਪੱਤਰਕਾਰ ਡਾ. ਹਮੀਰ ਸਿੰਘ, ਡਾ. ਹਰਪਾਲ ਸਿੰਘ ਪੰਨੂ, ਡਾ. ਗੁਰਿੰਦਰ ਪਾਲ ਸਿੰਘ ਜੋਸਨ, ਬਾਪੂ ਇੰਦਰਜੀਤ ਸਿੰਘ ਮੁੰਡੇ ਤੇ ਮਿੰਟੂ ਬਰਾੜ ਨੇ ਅਮੀਰ ਪੰਜਾਬੀ ਵਿਰਸੇ ਨੂੰ ਸਾਂਭ ਕੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਸਮੇਂ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਆਪਣੇ ਗੀਤਾਂ ਰਾਹੀਂ ਖੂਬ ਰੌਣਕਾਂ ਲਾਈਆਂ ਉੱਥੇ ਹੀ ਗਾਇਕ ਸਤਨਾਮ ਪੰਜਾਬੀ, ਹੁਸ਼ਨਵੀਰ ਪੰਨੂ, ਚਮਕੌਰ ਖਟੜਾ ਤੇ ਐੱਸ ਜੰਡ ਨੇ ਵੀ ਆਪਣੀ ਗਾਇਕੀ ਦੇ ਰੰਗ ਬਿਖੇਰੇ। ਪੰਜਾਬੀ ਮੁਟਿਆਰਾਂ ਵੱਲੋਂ ਪਾਈਆਂ ਬੋਲੀਆਂ, ਗਿੱਧਾ, ਸਿਠਣੀਆਂ, ਸੁਹਾਗ ਤੇ ਘੋੜੀਆਂ, ਛੋਟੀਆਂ ਬੱਚੀਆਂ ਦੇ ਨਾਟਕ ਭੰਡ ਜੋੜੀ ਸਮੇਤ ਪੰਧੇਰ ਭਰਾਵਾਂ ਦੇ ਢਾਡੀ ਜਥੇ ਨੇ ਦਰਸ਼ਕਾਂ ਨੂੰ ਪੁਰਾਤਨ ਵਿਰਸੇ ਦੀ ਯਾਦਨ ਮੁੜ ਤਾਜ਼ਾ ਕਰਵਾ ਦਿੱਤੀ। ਮੇਲੇ ਦੌਰਾਨ ਦਾਣੇ ਭੁੰਨਣ ਵਾਲੀ ਪੁਰਾਤਨ ਭੱਠੀ, ਹੱਥੀ ਤਿਆਰ ਕੀਤੀਆਂ ਚੀਜਾਂ ਤੇ ਪੇਂਡੂ ਖਾਣੇ ਦੀਆਂ ਲੱਗੀਆਂ ਵੱਖ-ਵੱਖ ਸਟਾਲਾਂ ਖਾਸ ਖਿੱਚਦਾ ਕੇਂਦਰ ਬਣੀਆਂ ਰਹੀਆਂ। ਸਟੇਜ ਸੰਚਾਲਨ ਦੀ ਅਹਿਮ ਭੂਮਿਕਾ ਲੇਖਕ ਜਸਬੀਰ ਰਾਣਾ, ਸ਼ਸੀ ਸ਼ਰਮਾ ਤੇ ਤਨਮਪ੍ਰੀਤ ਸਿੰਘ ਵੱਲੋਂ ਨਿਭਾਈ ਗਈ। ਅਖੀਰ ਢੀਂਡਸਾ ਜੋੜੀ ਨੇ ਪਹੁੰਚੇ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਵਿਰਾਸਤ ਤੇ ਪੁਰਾਣੇ ਪਿੰਡਾਂ ਨੂੰ ਮੁੜ ਸੁਰਜੀਤ ਕਰਨ ਦਾ ਸਾਡਾ ਇਹ ਉਪਰਾਲਾ ਹਮੇਸ਼ਾ ਜਾਰੀ ਰਹੇਗਾ।