- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸਮਾਰਟ ਸਕੂਲ ਜਖੇਪਲ ਦੇ ਵਿਦਿਆਰਥੀਆਂ ਨੇ ਲਾਇਆ ਟੂਰ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਵੱਲੋਂ ਪ੍ਰਿੰਸੀਪਲ ਮੁਨੀਸ਼ ਵਰਮਾ ਅਤੇ ਪ੍ਰਬੰਧਕਾਂ ਦੀ ਯੋਗ ਅਗਵਾਈ ਹੇਠ ਟੂਰ ਲਗਾਇਆ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਇਤਿਹਾਸਕ ਤੇ ਧਾਰਮਿਕ ਸਥਾਨਾਂ ਨੂੰ ਪ੍ਰਤੱਖ ਰੂਪ ਵਿੱਚ ਦਿਖਾਉਣਾ ਸੀ। ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਭਾਰਤ ਦੇ ਅਮੀਰ ਇਤਿਹਾਸ, ਬੇਮਿਸਾਲ ਇਮਾਰਤਸਾਜ਼ੀ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਆਗਰਾ, ਫ਼ਤਿਹਪੁਰ ਸੀਕਰੀ ਅਤੇ ਵ੍ਰਿੰਦਾਵਨ ਦੇ ਇਤਿਹਾਸ ਤੇ ਉਥੋਂ ਦੀ ਭੂਗੋਲਿਕ ਸਥਿਤੀ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਵਿਸ਼ਵ ਪ੍ਰਸਿੱਧ ‘ਤਾਜ ਮਹਿਲ’ ਦੇਖਿਆ। ਉਨ੍ਹਾਂ ਨੇ ਇਸ ਦੇ ਚਿੱਟੇ ਸੰਗਮਰਮਰ ਦੀ ਬੇਮਿਸਾਲ ਖ਼ੂਬਸੂਰਤੀ ਨੂੰ ਨਿਹਾਰਿਆ ਅਤੇ ਮੁਗ਼ਲ ਇਤਿਹਾਸ ਨਾਲ ਜੁੜੀਆਂ ਗੱਲਾਂ ਬਾਰੇ ਜਾਣਿਆ। ਆਗਰਾ ਦੇ ਕਿਲ੍ਹੇ ਦੀ ਯਾਤਰਾ ਦੌਰਾਨ ਬੱਚਿਆਂ ਨੇ ਮੁਗ਼ਲ ਕਾਲ ਦੇ ਰਾਜਿਆਂ ਦੀ ਜੀਵਨ ਸ਼ੈਲੀ ਨੂੰ ਨੇੜਿਓਂ ਸਮਝਿਆ। ਉਨ੍ਹਾਂ ਨੇ ਕਿਲ੍ਹੇ ਅੰਦਰ ਬਣੇ ਦੀਵਾਨ-ਏ-ਆਮ ਅਤੇ ਦੀਵਾਨ-ਏ-ਖ਼ਾਸ ਵਰਗੇ ਮਹੱਤਵਪੂਰਨ ਸਥਾਨਾਂ ਦਾ ਦੌਰਾ ਕੀਤਾ। ਫ਼ਤਿਹਪੁਰ ਸੀਕਰੀ ਵਿਖ਼ੇ ਵਿਦਿਆਰਥੀਆਂ ਨੇ ਵਿਸ਼ਵ ਪ੍ਰਸਿੱਧ ‘ਬੁਲੰਦ ਦਰਵਾਜ਼ਾ’, ਸ਼ੇਖ ਸਲੀਮ ਚਿਸ਼ਤੀ ਦੀ ਪਵਿੱਤਰ ਦਰਗਾਹ ਅਤੇ ਜੋਧਾ ਬਾਈ ਦਾ ਮਹਿਲ ਦੇਖਿਆ। ਟੂਰ ਦੌਰਾਨ ਵਿਦਿਆਰਥੀਆਂ ਨੇ ਪਵਿੱਤਰ ਨਗਰੀ ਵ੍ਰਿੰਦਾਵਨ ਦੇ ਇਤਿਹਾਸਕ ਮੰਦਰਾਂ ਦੇ ਦਰਸ਼ਨ ਕੀਤੇ। ਇੱਥੇ ਵਿਦਿਆਰਥੀਆਂ ਨੇ ਵਿਸ਼ਵ ਪ੍ਰਸਿੱਧ 'ਪ੍ਰੇਮ ਮੰਦਰ' ਦੀ ਸ਼ਾਨਦਾਰ ਇਮਾਰਤਸਾਜ਼ੀ ਤੇ ਲਾਈਟਿੰਗ, ‘ਇਸਕਾਨ ਮੰਦਰ’ ਅਤੇ ਬਾਂਕੇ ਬਿਹਾਰੀ ਜੀ ਦੇ ਪ੍ਰਸਿੱਧ ਮੰਦਰ ਦੇ ਦਰਸ਼ਨ ਕਰਕੇ ਅਧਿਆਤਮਕ ਸ਼ਾਂਤੀ ਦਾ ਅਨੁਭਵ ਕੀਤਾ।ਪ੍ਰਿੰਸੀਪਲ ਮੁਨੀਸ਼ ਵਰਮਾ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੀ ਯੋਗ ਰਹਿਨੁਮਾਈ ਲਈ ਲੈਕਚਰਾਰ ਯਾਦਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਅਧਿਆਪਿਕਾ ਅਮਨਦੀਪ ਕੌਰ ਗਿੱਲ, ਕੌਰ ਸਿੰਘ, ਹਰਜਿੰਦਰ ਕੌਰ, ਯੋਗੇਸ਼ ਕੁਮਾਰ, ਨਿਸ਼ਾ ਸਿੰਗਲਾ, ਮਨਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਵਿਸ਼ੇਸ਼ ਤੌਰ ਹਾਜ਼ਰ ਰਹੇ। ਉਨ੍ਹਾਂ ਪੂਰੇ ਸਫ਼ਰ ਦੌਰਾਨ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖਿਆ ਅਤੇ ਸਾਰੇ ਸਥਾਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।