- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥਣ ਸੰਜਨਾ ਦੇਵੀ ਨੇ ਜ਼ੋਨਲ ਯੂਥ ਫੈਸਟੀਵਲ ’ਚ ਹਾਸਲ ਕੀਤਾ ਪਹਿਲਾ ਸਥਾਨ

ਹਰਜੀਤ ਸਿੰਘ, ਪੰਜਾਬੀ ਜਾਗਰਣ,
ਖਨੌਰੀ: ਗੰਗਾ ਡਿਗਰੀ ਕਾਲਜ, ਢਾਬੀ ਗੁੱਜਰਾਂ ਦੀ ਬੀਏ ਸਮੈਸਟਰ ਤੀਜਾ ਦੀ ਵਿਦਿਆਰਥਣ ਸੰਜਨਾ ਦੇਵੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦੇ ਜ਼ੋਨਲ ਯੂਥ ਫੈਸਟੀਵਲ ਦੇ ਕਾਵਿ-ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਕਾਲਜ ਵਿੱਚ ਖੁਸ਼ੀ ਦੀ ਲਹਿਰ ਹੈ।
ਕਾਲਜ ਦੇ ਚੇਅਰਮੈਨ ਗੁਰਲਾਡ ਸਿੰਘ ਕਾਹਲੋਂ ਅਤੇ ਵਾਈਸ ਚੇਅਰਪਰਸਨ ਰੀਨਾ ਚੀਮਾ ਨੇ ਸੰਜਨਾ ਦੇਵੀ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਉਸ ਨੂੰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਸੁਮਨ ਮਿੱਤਲ ਨੇ ਵੀ ਸੰਜਨਾ ਦੇਵੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਸ ਦੀ ਸਪੱਸ਼ਟ ਉਚਾਰਨ ਸ਼ੈਲੀ, ਸੁਰ ਦੀ ਪਕੜ ਅਤੇ ਭਾਵਪੂਰਨ ਪੇਸ਼ਕਾਰੀ ਨੇ ਜੱਜਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਇਸ ਸਫ਼ਲਤਾ ਦਾ ਸਿਹਰਾ ਯੂਥ ਕੋਆਰਡੀਨੇਟਰ ਸੰਦੀਪ ਕੌਰ ਅਤੇ ਮਨਪ੍ਰੀਤ ਸਿੰਘ ਦੀ ਮਿਹਨਤ ਤੇ ਮਾਰਗਦਰਸ਼ਨ ਨੂੰ ਦਿੱਤਾ, ਜਿਨ੍ਹਾਂ ਨੇ ਵਿਦਿਆਰਥਣ ਨੂੰ ਮੁਕਾਬਲੇ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਪਛਾੜਦਿਆਂ ਸੰਜਨਾ ਦੇਵੀ ਨੇ ਪਹਿਲਾ ਸਥਾਨ ਹਾਸਲ ਕੀਤਾ।