ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ, ਵਿਦਿਆਰਥੀ ਦੀ ਮੌਤ ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ, ਵਿਦਿਆਰਥੀ ਦੀ ਮੌਤ
Publish Date: Sat, 29 Aug 2026 04:44 PM (IST)
Updated Date: Sun, 30 Aug 2026 04:01 AM (IST)
ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਇੱਥੇ ਰੇਲਵੇ ਸਟੇਸ਼ਨ ਸਾਹਮਣੇ ਮੁਹੱਲਾ ਗੋਬਿੰਦ ਨਗਰ ਵਿੱਚ ਸ਼ੁੱਕਰਵਾਰ ਰਾਤ ਮੋਟਰਸਾਈਕਲ ਸਵਾਰ ਹਥਿਆਰਬੰਦ ਨੌਜਵਾਨਾਂ ਵੱਲੋਂ ਕੀਤੇ ਹਮਲੇ ਵਿੱਚ 17 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਆਕਾਸ਼ ਕੁਮਾਰ ਪੁੱਤਰ ਸੰਦੀਪ ਪ੍ਰਸਾਦ ਵਜੋਂ ਹੋਈ ਹੈ। ਉਹ ਇੱਕ ਨਿੱਜੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਹਮਲੇ ਵਿੱਚ ਜ਼ਖ਼ਮੀ ਅਨਿਲ ਪ੍ਰਸਾਦ, ਸੰਦੀਪ ਪ੍ਰਸਾਦ, ਰੋਹਿਤ ਕੁਮਾਰ ਅਤੇ ਇਮਰਾਨ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਦਾਖ਼ਲ ਕਰਵਾਇਆ ਗਿਆ। ਇਮਰਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਥਾਣਾ ਸਿਟੀ-1 ਪੁਲੀਸ ਨੇ ਜ਼ਖ਼ਮੀ ਅਨਿਲ ਪ੍ਰਸਾਦ ਦੇ ਬਿਆਨਾਂ ’ਤੇ ਸੁਰਿੰਦਰ ਕੁਮਾਰ ਉਰਫ਼ ਸ਼ਿਵਾ, ਕੁਲਦੀਪ ਸਿੰਘ ਉਰਫ਼ ਕੁੱਲੀ, ਪਵਨ ਕੁਮਾਰ ਉਰਫ਼ ਲੱਡੂ, ਸੋਨੀ, ਹਮਜ਼ਾ, ਇੱਕ ਸ਼ੂਟਰ ਅਤੇ ਸਾਹਿਲ ਉਰਫ਼ ਕੱਦੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜ਼ਖ਼ਮੀ ਅਨਿਲ ਪ੍ਰਸਾਦ ਮੁਤਾਬਕ ਕੁਝ ਨੌਜਵਾਨ ਤੇਜ਼ ਰਫ਼ਤਾਰ ਮੋਟਰਸਾਈਕਲਾਂ ’ਤੇ ਮੁਹੱਲੇ ਵਿੱਚ ਗੇੜੇ ਲਾ ਰਹੇ ਸਨ। ਮੁਹੱਲਾ ਵਾਸੀਆਂ ਵੱਲੋਂ ਗਲੀ ਵਿੱਚ ਖੇਡ ਰਹੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਨੌਜਵਾਨਾਂ ਨੇ ਕਥਿਤ ਤੌਰ ’ਤੇ ਹੋਰ ਸਾਥੀਆਂ ਨੂੰ ਬੁਲਾ ਲਿਆ ਅਤੇ ਕਈ ਮੋਟਰਸਾਈਕਲਾਂ ’ਤੇ ਆਏ ਨੌਜਵਾਨਾਂ ਨੇ ਘਰਾਂ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਆਕਾਸ਼ ਕੁਮਾਰ ਦੀ ਛਾਤੀ ਵਿੱਚ ਕਿਰਚਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਅਨਿਲ ਪ੍ਰਸਾਦ ਨੇ ਪ੍ਰਸ਼ਾਸਨ ਤੋਂ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਮੁਹੱਲਾ ਵਾਸੀਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਥਾਣਾ ਸਿਟੀ-1 ਦੇ ਐਸਐਚਓ ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ, ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।