- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਿਦਾਨੀ ਦਾ ਬੁੱਤ ਅਣਦੇਖੀ ਦਾ ਸ਼ਿਕਾਰ, ਦਰਖਤਾਂ ਨਾਲ ਘਿਰਿਆ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ ਛ ਸ਼ਹਿਰ ਦੇ ਘੰਟਾਂ ਘਰ ਨਜਦੀਕ ਫੇਰੁਮਾਨ ਚੌਕ ਵਿੱਚ ਲੱਗਾ ਫੇਰੂਮਾਨ ਬਲਿਦਾਨੀ ਦਾ ਬੁੱਤ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਚੌਕ ਵਿੱਚ ਲੱਗੇ ਦਰਖਤਾਂ ਦੀ ਕਟਾਈ ਨਾ ਹੋਣ ਕਾਰਨ ਟਾਹਣੀਆਂ ਇੰਨੀਆਂ ਵੱਡੀਆਂ ਹੋ ਚੁੱਕੀਆਂ ਹਨ ਕਿ ਫੇਰੂਮਾਨ ਬੁੱਤ ਮੁਸ਼ਕਿਲ ਨਾਲ ਨਜ਼ਰ ਆਉਂਦਾ ਹੈ। ਪ੍ਰਸ਼ਾਸਨ ਅਤੇ ਨਗਰ ਕੌਸਲ ਦੀ ਦੇਖਰੇਖ ਵਿੱਚ ਰਹਿਣ ਵਾਲਾ ਇਹ ਚੌਕ ਆਪਣੀ ਬਦਹਾਲੀ ’ਤੇ ਹੰਝੂ ਵਹਾਅ ਰਿਹਾ ਹੈ। ਇਸ ਚੌਕ ਦਾ ਮੁੱਖ ਗੇਟ ਟੁੱਟ ਚੁੱਕਾ ਹੈ, ਵੱਡੀ-ਵੱਡੀ ਘਾਹ ਫੂਸ ਅਤੇ ਗੰਦਗੀ ਨੇ ਇਸ ਚੌਕ ਦੀ ਸੁੰਦਰਤਾ ਨੂੰ ਗ੍ਰਹਿਣ ਲਾਇਆ ਹੋਇਆ ਹੈ।
ਫਰੀਡਮ ਫਾਇਟਰ ਸੰਸਥਾ ਦੇ ਸਰਪ੍ਰਸਤ ਹਰਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਜਿਸ ਇਨਸਾਨ ਨੇ ਪੰਜਾਬ ਲਈ ਚੰਡੀਗੜ੍ਹ ਲਈ 72 ਦਿਨ ਭੁੱਖ ਹੜਤਾਲ ਰੱਖ ਕੇ ਆਪਣੀ ਸ਼ਹਾਦਤ ਦਿੱਤੀ ਹੋਵੇ, ਉਸ ਦੇ ਬੁੱਤ ਦੀ ਇਹੋ ਜਿਹੀ ਦੁਰਦਸ਼ਾ ਬਰਦਾਸ਼ਤ ਤੋਂ ਬਾਹਰ ਹੈ। ਨਾ ਜ਼ਿਲਾ ਪ੍ਰਸ਼ਾਸਨ ਦਾ ਅਧਿਕਾਰੀ ਅਤੇ ਨਾ ਹੀ ਮਿਉਂਸਪਲ ਕਮੇਟੀ ਦੇ ਅਧਿਕਾਰੀ ਸ਼ਹਿਰ ’ਚ ਲੱਗੇ ਬੁੱਤਾਂ ਦੀ ਸੰਭਾਲ ਕਰ ਰਹੇ ਹਨ। ਕਿਉਕਿ ਉਹ ਦਫਤਰਾਂ ਵਿੱਚੋ ਬਾਹਰ ਨਹੀ ਨਿਕਲਦੇ, ਜੇਕਰ ਨਿਕਲਣ ਤਾਂ ਸ਼ਹਿਰ ਵਿੱਚ ਲੱਗੇ ਬੁੱਤਾਂ ਤੇ ਉਨ੍ਹਾਂ ਦੀ ਨਜ਼ਰ ਪਵੇ। ਉਨ੍ਹਾਂ ਰੋਸ ਜਾਹਰ ਕਰਦਿਆਂ ਕਿਹਾ ਕਿ ਜੇਕਰ ਬੁੱਤਾਂ ਦੀ ਸੰਭਾਲ ਪ੍ਰਸ਼ਾਸਨ ਨਹੀਂ ਕਰ ਸਕਦਾ ਤਾਂ ਬੁੱਤ ਲਾਏ ਹੀ ਕਿਉਂ ਜਾਂਦੇ ਹਨ?
ਉਨ੍ਹਾਂ ਦੱਸਿਆ ਕਿ ਈਓ ਮਿਉਂਸਪਲ ਕਮੇਟੀ ਨੂੰ ਜ਼ਿਲ੍ਹਾ ਮੀਟਿੰਗ ਦੌਰਾਨ ਕਈ ਵਾਰੀ ਫਰੀਡਮ ਫਾਇਟਰ ਪਰਿਵਾਰ ਇਸ ਮਸਲੇ ਨੂੰ ਕਈ ਵਾਰ ਉਠਾ ਚੁੱਕੇ ਹਨ। ਪ੍ਰੰਤੂ ਇਸ ਪਾਸੇ ਕਾਰਵਾਈ ਕਰਨ ਲਈ ਕੋਈ ਗੰਭੀਰਤਾ ਨਹੀ ਵਿਖਾਈ। ਉਨ੍ਹਾਂ ਕਿਹਾ ਕਿ ਇਸ ਚੌਕ ਤੋ ਇਲਾਵਾ ਸ਼ਹਿਰ ਵਿੱਚ ਹੋਰ ਵੀ ਚੌਕ ਹਨ, ਇਨ੍ਹਾਂ ਸਭਨਾਂ ਦਾ ਬੁਰਾ ਹਾਲ ਹੈ। ਚੌਕਾਂ ਵਿੱਚ ਨਾ ਸਫ਼ਾਈ ਹੁੰਦੀ ਹੈ, ਨਾ ਹੀ ਬੁੱਤਾਂ ਤੇ ਰੰਗ ਰੋਗਨ ਕੀਤਾ ਜਾਂਦਾ ਹੈ। ਜਿਸ ਕਾਰਨ ਇਨ੍ਹਾਂ ਚੌਕਾਂ ਦੀ ਹਾਲਤ ਖਰਾਬ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਦੀ ਸੁੰਦਰਤਾ ਨੂੰ ਚੌਕ ਹੀ ਦਰਸਾਉਦੇ ਹਨ।
ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇਕਰ ਬੁੱਤਾਂ ਦੀ ਸੰਭਾਲ ਨਹੀਂ ਕਰ ਸਕਦੇ ਤਾਂ ਇਨ੍ਹਾਂ ਨੂੰ ਚੁੱਕ ਕੇ ਕਿਸੇ ਕਮਰੇ ਵਿਚ ਬੰਦ ਕਰ ਦੇਵੋ ਤਾਂ ਜੋਂ ਇਨ੍ਹਾਂ ਦੀ ਦੁਰਦਸ਼ਾ ਨਾ ਹੋਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਛੇਤੀ ਹੀ ਇਨ੍ਹਾਂ ਬੁੱਤਾਂ ਦੀ ਸੰਭਾਲ ਨਾ ਹੋਈ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋ ਅਗਲੇ ਮਹੀਨੇ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।