- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ’ਤੇ ਟੋਇਆਂ ’ਚ ਖੜ੍ਹਾ ਗੰਦਾ ਪਾਣੀ, ਰਾਹਗੀਰ ਤੇ ਸਕੂਲੀ ਬੱਚੇ ਪ੍ਰੇਸ਼ਾਨ

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਮਾਲੇਰਕੋਟਲਾ/ਸ਼ੇਰਪੁਰ : ਸ਼ੇਰਪੁਰ ਬਲਾਕ ਦੇ ਪਿੰਡ ਭਗਵਾਨਪੁਰਾ ਤੋਂ ਗੁੰਮਟੀ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਪਰ ਇਸ ਦੇ ਬਾਵਜੂਦ ਸਬੰਧਤ ਵਿਭਾਗ ਵੱਲੋਂ ਇਸ ਦੀ ਸਾਰ ਨਾ ਲਏ ਜਾਣ ਕਾਰਨ ਲੋਕਾਂ ਵਿੱਚ ਰੋਸ ਹੈ। ਸੜਕ ’ਤੇ ਥਾਂ-ਥਾਂ ਪਏ ਡੂੰਘੇ ਟੋਇਆਂ ਵਿੱਚ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਇਹ ਰਾਹਗੀਰਾਂ ਲਈ ਮੁਸ਼ਕਲ ਦਾ ਕਾਰਨ ਬਣੀ ਹੋਈ ਹੈ।
ਇਸ ਸੜਕ ’ਤੇ ਦੋ ਪ੍ਰਾਈਵੇਟ ਸਕੂਲਾਂ, ਗਊਸ਼ਾਲਾ ਅਤੇ ਬਿਜਲੀ ਦਫ਼ਤਰ ਸਮੇਤ ਕਈ ਅਦਾਰੇ ਸਥਿਤ ਹਨ, ਜਿਸ ਕਾਰਨ ਇੱਥੇ ਦਿਨ ਭਰ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਸੜਕ ਦੀ ਬਦਹਾਲੀ ਕਾਰਨ ਸਕੂਲੀ ਬੱਚਿਆਂ, ਅਧਿਆਪਕਾਂ, ਕਿਸਾਨਾਂ ਅਤੇ ਆਮ ਰਾਹਗੀਰਾਂ ਨੂੰ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਪੈਣ ਮਗਰੋਂ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ ਅਤੇ ਟੋਇਆਂ ਦਾ ਪਤਾ ਨਾ ਲੱਗਣ ਕਾਰਨ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਨੌਜਵਾਨ ਆਗੂ ਦਲਵੀਰ ਸਿੰਘ ਗਰੇਵਾਲ, ਭੋਲਾ ਸਿੰਘ, ਮਿੰਟੂ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਸੜਕਾਂ ਦੇ ਨਿਰਮਾਣ ਤੇ ਵਿਕਾਸ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪਿੰਡਾਂ ਨੂੰ ਜੋੜਨ ਵਾਲੀਆਂ ਛੋਟੀਆਂ ਸੜਕਾਂ ਦੀ ਹਾਲਤ ਵੱਲ ਲੰਮੇ ਸਮੇਂ ਤੋਂ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪੰਚਾਂ-ਸਰਪੰਚਾਂ ਅਤੇ ਹਲਕਾ ਵਿਧਾਇਕ ਤੱਕ ਕਈ ਵਾਰ ਮਾਮਲਾ ਪਹੁੰਚਾਇਆ ਜਾ ਚੁੱਕਾ ਹੈ, ਅਤੇ ਉਨਾਂ ਦੇ ਪੀਏ ਦਾ ਕਹਿਣਾ ਸੀ ਕਿ ਇਹ ਸੜਕ ਨੂੰ ਠੁੱਲੀਵਾਲ ਤੱਕ 18 ਫੁੱਟੀ ਚੌੜੀ ਬਣਾਉਣ ਸਬੰਧੀ ਪ੍ਰਪੋਜਲ ਭੇਜੀ ਜਾ ਚੁੱਕੀ ਹੈ।
ਇਸ ਦੌਰਾਨ ਲੋਕਾਂ ਨੇ ਸਵਾਲ ਕੀਤਾ ਕਿ ਜਦੋਂ ਹਲਕੇ ਵਿੱਚ ਹੋਰ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਦੇ ਕੰਮ ਚੱਲ ਰਹੇ ਹਨ ਤਾਂ ਭਗਵਾਨਪੁਰਾ-ਗੁੰਮਟੀ ਸੜਕ ਨੂੰ ਅਣਗੌਲਿਆ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੱਡੇ ਪ੍ਰਾਜੈਕਟਾਂ ਦੇ ਨਾਲ-ਨਾਲ ਪਿੰਡਾਂ ਦੀਆਂ ਅਜਿਹੀਆਂ ਬੁਨਿਆਦੀ ਸਮੱਸਿਆਵਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਸ਼ੇਰਪੁਰ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸ਼ੇਰਪੁਰ ਤੋਂ ਭਗਵਾਨਪੁਰਾ ਵਾਇਆ ਗੁੰਮਟੀ ਜਾਂਦੀ ਸੜਕ ਦੀ ਤੁਰੰਤ ਨਿਰੀਖਣ ਕਰਵਾ ਕੇ ਟੋਇਆਂ ਦੀ ਮੁਰੰਮਤ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਰੋਜ਼ਾਨਾ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।