- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਤਨ ਵਿਰਾਸਤ ਦੇ ਸੰਭਾਲਕ ਪਰਮਿੰਦਰ ਸਿੰਘ ਗੱਬਰ ਦਾ ਵਿਸ਼ੇਸ਼ ਸਨਮਾਨ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਪੁਰਾਤਨ ਪੰਜਾਬੀ ਅਤੇ ਸਿੱਖ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਸ਼ਖ਼ਸੀਅਤ ਪਰਮਿੰਦਰ ਸਿੰਘ ਗੱਬਰ ਨੂੰ 'ਮਾਈ ਭਾਗੋ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਹਿਮਦਗੜ੍ਹ' ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਪੁਰਾਤਨ ਵਿਰਾਸਤ ਨਾਲ ਸਬੰਧਤ 450 ਤੋਂ ਵੱਧ ਸਫਲ ਪ੍ਰਦਰਸ਼ਨੀਆਂ ਕਰਵਾਉਣ ਦੇ ਵੱਡੇ ਉਪਰਾਲੇ ਬਦਲੇ ਦਿੱਤਾ ਗਿਆ ਹੈ।
ਸਮਾਗਮ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਪਰਮਿੰਦਰ ਸਿੰਘ ਗੱਬਰ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਗੱਬਰ ਵੱਲੋਂ ਪੁਰਾਤਨ ਵਸਤੂਆਂ, ਧਾਰਮਿਕ ਗ੍ਰੰਥਾਂ, ਸ਼ਸਤਰਾਂ ਅਤੇ ਵਿਰਾਸਤੀ ਸੰਭਾਲ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਜੋ ਅਣਥੱਕ ਯਤਨ ਕੀਤੇ ਜਾ ਰਹੇ ਹਨ, ਉਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ।
ਇਸ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪਰਮਿੰਦਰ ਸਿੰਘ ਗੱਬਰ ਨੇ ਵਾਹਿਗੁਰੂ ਜੀ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ,‘ਵਾਹਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਸੰਗਤਾਂ ਦੇ ਆਸ਼ੀਰਵਾਦ ਨਾਲ ਹੀ ਮੈਂ ਇਹ ਸੇਵਾ ਨਿਭਾਉਣ ਦੇ ਯੋਗ ਹੋ ਸਕਿਆ ਹਾਂ। ਮਾਈ ਭਾਗੋ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਹਿਮਦਗੜ੍ਹ ਵੱਲੋਂ ਮਿਲੇ ਇਸ ਸਨਮਾਨ ਨਾਲ ਮੇਰਾ ਹੌਸਲਾ ਹੋਰ ਬੁਲੰਦ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਪੁਰਾਤਨ ਵਿਰਾਸਤ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਇਹ ਸਫ਼ਰ ਨਿਰੰਤਰ ਜਾਰੀ ਰਹੇਗਾ।"
ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਨੇ ਪਰਮਿੰਦਰ ਸਿੰਘ ਗੱਬਰ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇਵ ਉੱਜਵਲ ਭਵਿੱਖ ਦੀ ਕਾਮਨਾ ਕੀਤੀ।