ਪੇ ਸਕੇਲ ਅਤੇ ਸੀਐਸਆਰ ਦੀ ਮੰਗ ਨੂੰ ਲੈ ਕੇ ਸਪੈਸ਼ਲ ਕੇਡਰ ਅਧਿਆਪਕ ਫਰੰਟ ਵੱਲੋਂ ਪੱਕਾ ਧਰਨਾ ਸ਼ੁਰੂ ਸਪੈਸ਼ਲ ਕੇਡਰ ਅਧਿਆਪਕ ਫਰੰਟ ਵੱਲੋਂ ਪੱਕਾ ਧਰਨਾ ਸ਼ੁਰੂ
Publish Date: Sun, 15 Nov 2026 05:55 PM (IST)
Updated Date: Sun, 15 Nov 2026 05:57 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਪੈਸ਼ਲ ਕੇਡਰ ਅਧਿਆਪਕ ਫਰੰਟ ਪੰਜਾਬ ਵੱਲੋਂ ਪੇ ਸਕੇਲ ਅਤੇ ਸੀਐਸਆਰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਐਤਵਾਰ ਤੋ ਸਥਾਨਕ ਡੀਸੀ ਦਫਤਰ ਦੇ ਗੇਟ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸਥਾਨਕ ਹਾਊਸਿੰਗ ਬੋਰਡ ਕਾਲੋਨੀ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਆਗੂ ਮਨਪ੍ਰੀਤ ਸਿੰਘ ਮੋਗਾ, ਦਵਿੰਦਰ ਸਿੰਘ ਸੰਧੂ, ਗੁਰਲਾਲ ਸਿੰਘ ਤੂਰ, ਅਨੁਭਵ ਗੁਪਤਾ ਅਤੇ ਵੀਰਪਾਲ ਕੌਰ ਸਿਧਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਸਤੰਬਰ 2022 ਵਿੱਚ 10 ਸਾਲਾ ਪਾਲਸੀ ਬਣਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਹ ਐਲਾਨ ਕੀਤਾ ਸੀ ਕਿ 12710 ਕੱਚੇ ਅਧਿਆਪਕ ਪੱਕੇ ਕਰ ਦਿੱਤੇ ਹਨ ,ਪੂਰੇ ਪੰਜਾਬ ਵਿੱਚ ਹਰੇਕ ਸੜਕ ਤੇ ਵੱਡੇ- ਵੱਡੇ ਫਲੈਕਸ ਲਾ ਕੇ ਪੱਕੇ ਕਰਨ ਦਾ ਪ੍ਰਚਾਰ ਕੀਤਾ ਗਿਆ। ਪਰ ਅਸਲ ਵਿੱਚ ਇਹ ਸਿਰਫ ਤਨਖਾਹ ਵਾਧਾ ਹੀ ਸੀ,ਜਿਸ ਕਰਕੇ 12710 ਕੱਚੇ ਅਧਿਆਪਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਕਿਉਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਕੁਝ ਵੀ ਨਹੀਂ ਦਿੱਤਾ ਗਿਆ, ਨਾ ਤਾਂ ਕੋਈ ਪੇ ਸਕੇਲ ਦਿੱਤਾ ਗਿਆ ਅਤੇ ਨਾ ਹੀ ਕੋਈ ਸਿਵਿਲ ਸਰਵਿਸ ਰੂਲ ਜਿਸ ਦੀ ਮੰਗ ਨੂੰ ਲੈਕੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ, ਪਰ ਸਿੱਖਿਆ ਮੰਤਰੀ ਨੇ ਹਰੇਕ ਵਾਰ ਟਾਲ ਮਟੋਲ ਦੀ ਨੀਤੀ ਅਪਣਾ ਕੇ ਸਮਾਂ ਲੰਘਾਇਆ ਗਿਆ। ਮੀਟਿੰਗ ਕਰਨ ਦਾ ਸਮਾਂ ਦੇ ਕੇ ਮੀਟਿੰਗਾਂ ਕਰਨ ਤੋਂ ਮੁੱਕਰ ਰਹੇ ਹਨ। ਜਿਸ ਦੇ ਰੋਸ ਵਜੋਂ ਸਮੂਹ ਪੰਜਾਬ ਦੇ 12710 ਸਪੈਸ਼ਲ ਕੇਡਰ ਅਧਿਆਪਕ ਫਰੰਟ ਵੱਲੋਂ ਐਤਵਾਰ ਨੂੰ ਸੰਗਰੂਰ ਵਿਖੇ ਰੋਸ ਮਾਰਚ ਕੀਤਾ ਗਿਆ ਅਤੇ ਆਪਣੀ ਪੇ ਸਕੇਲ਼ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਪੱਕਾ ਧਰਨਾ ਲਾ ਦਿੱਤਾ ਗਿਆ ਹੈ। ਇਹ ਧਰਨਾ ਓਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਮਾਨ ਸਰਕਾਰ ਸਪੈਸ਼ਲ ਕੇਡਰ ਅਧਿਆਪਕਾਂ ਨੂੰ ਪੇ ਸਕੇਲ ਲਾ ਕੇ ਰੈਗੂਲਰ ਨਹੀਂ ਕਰਦੀ।