ਝੋਨੇ ਦੀ ਲਿਫਟਿੰਗ ਦੀ ਚਾਲ ਮੱਠੀ, ਮੰਡੀਆਂ 'ਚ ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਝੋਨੇ ਦੀ ਲਿਫਟਿੰਗ ਦੀ ਚਾਲ ਮੱਠੀ, ਮੰਡੀਆਂ 'ਚ ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰ
Publish Date: Wed, 18 Nov 2026 06:07 PM (IST)
Updated Date: Wed, 18 Nov 2026 06:09 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਤਪਾ ਮੰਡੀ ਤੇ ਪਿੰਡਾਂ ਦੀਆਂ ਮੰਡੀਆਂ ਚ ਝੋਨੇ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਅੰਬਾਰ ਲੱਗੇ ਹੋਏ ਦਿਖਾਈ ਦੇ ਰਹੇ ਹਨ, ਜਿਸਦਾ ਵੱਡਾ ਕਾਰਨ ਸਪੈਸ਼ਲਾਂ ਦਾ ਵਾਰ-ਵਾਰ ਲੱਗਣਾ ਅਤੇ ਲੇਬਰ ਦੀ ਘਾਟ ਦੱਸਿਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਲਿਫਟਿੰਗ ਦੀ ਚਾਲ ਮੱਠੀ ਹੋਣ ਕਾਰਨ ਆੜਤੀਏ ਨਮੋਸ਼ੀ ਦੇ ਆਲਮ ਚ ਦਿਖਾਈ ਦੇ ਰਹੇ ਹਨ। ਗੱਲਬਾਤ ਦੌਰਾਨ ਆੜ੍ਹਤੀਏ ਰਾਜੂ ਤਾਜੋ, ਰਾਜਕੁਮਾਰ ਧੌਲਾ, ਟਿੰਕੂ ਕੁਮਾਰ ਅਤੇ ਮਜ਼ਦੂਰਾਂ ਮਿਠੁਨ ਕੁਮਾਰ, ਗੋਬਿੰਦ ਕੁਮਾਰ, ਨਾਇਬ ਸਿੰਘ, ਮਦਨ ਲਾਲ, ਵਿਜੇਂਦਰ ਕੁਮਾਰ, ਮੇਸ਼ਾ ਕੁਮਾਰ ਤੇ ਪੂਰਨ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇੱਕ ਪਾਸੇ ਮੌਸਮ ਦੇ ਮਿਜਾਜ ਬਦਲ ਰਹੇ ਹਨ ਅਤੇ ਠੰਡ ਵਧਣ ਲੱਗੀ ਹੈ, ਉੱਥੇ ਦੂਜੇ ਪਾਸੇ ਝੋਨੇ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਠੰਡ ਦਾ ਅਸਰ ਝੋਨੇ ਤੇ ਪੈਣ ਲੱਗਾ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਝੋਨੇ ਦੀ ਗੁਣਵੱਤਾ ਘਟਦੀ ਜਾ ਰਹੀ ਹੈ ਅਤੇ ਨਾਲ ਹੀ ਇਸਦਾ ਅਸਰ ਬੋਰੀਆਂ ਦੇ ਵਜਨ ਤੇ ਪੈ ਰਿਹਾ ਹੈ। ਜਿਸਦਾ ਖਮਿਆਜਾ ਉਹਨਾਂ ਨੂੰ ਭੋਗਣਾ ਪਵੇਗਾ।ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅਨਾਜ ਮੰਡੀ ਚ ਉਨ੍ਹਾਂ ਦੀਆਂ ਦੁਕਾਨਾਂ ‘ਤੇ ਕਰੀਬ ਹਜਾਰਾਂ ਗੱਟੇ ਖੁੱਲ੍ਹੇ ਅਸਮਾਨ ਹੇਠ ਪਏ ਹਨ। ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੀ ਦੇਖ ਰੇਖ ਕਰਨ ਚ ਮੁਸ਼ਕਿਲ ਆ ਰਹੀ ਹੈ ਅਤੇ ਅਨਾਜ ਦਾ ਵਜ਼ਨ ਘਟਣ ਕਾਰਨ ਵੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।ਆੜ੍ਹਤੀਆਂ ਨੇ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਡੀਆਂ ਵਿਚ ਪਈ ਫ਼ਸਲ ਦੀ ਲਿਫਟਿੰਗ ਲਈ ਤੁਰੰਤ ਪ੍ਰਬੰਧ ਕੀਤੇ ਜਾਣ।