ਪੱਖੋ ਕਲਾਂ ’ਚ ਝਾੜੂ ਫੂਕ ਕੇ ਝੋਟੇ ਦੇ ਹੱਕ 'ਚ ਨਾਅਰੇਬਾਜ਼ੀ ਪੱਖੋ ਕਲਾਂ ਦੇ ਬੱਸ ਸਟੈਂਡ 'ਤੇ ਪਾਰਟੀ ਦਾ ਝਾੜੂ ਫੂਕ ਕੇ ਝੋਟੇ ਦੇ ਹੱਕ 'ਚ ਨਾਅਰੇਬਾਜ਼ੀ
Publish Date: Sun, 25 Oct 2026 05:19 PM (IST)
Updated Date: Mon, 26 Oct 2026 04:02 AM (IST)
-ਕਿਸਾਨਾਂ ਨੇ ਸਰਕਾਰ ਵਿਰੁੱਧ ਕੱਢੀ ਭੜਾਸ ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾ : ਮਾਨਸਾ ਵਿਖੇ ਨਸ਼ਾ ਵਿਰੋਧੀ ਆਗੂ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਵਿੱਢੀ ਮੁਹਿੰਮ ਦੀ ਹਿਮਾਇਤ ਚ ਐਤਵਾਰ ਨੂੰ ਪੱਖੋ ਕਲਾਂ ਦੇ ਬੱਸ ਸਟੈਂਡ ਤੇ ਮਾਹੌਲ ਪੂਰਾ ਗਰਮਾਇਆ ਰਿਹਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਡੇ-ਛੋਟੇ ਅਹੁਦੇਦਾਰਾਂ ਤੇ ਪਿੰਡ ਦੇ ਸੂਝਵਾਨ ਲੋਕਾਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੋਣ ਨਿਸ਼ਾਨ ਝਾੜੂ ਫੂਕ ਕੇ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਮਾਨਸਾ ਵਿਖੇ ਪਰਮਿੰਦਰ ਸਿੰਘ ਝੋਟਾ ਆਪਣੇ ਇਲਾਕੇ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਲਈ ਦਿਨ-ਰਾਤ ਹੱਕ-ਸੱਚ ਦੀ ਲੜਾਈ ਲੜ ਰਿਹਾ ਸੀ, ਪਰ ਪ੍ਰਸ਼ਾਸਨ ਤੇ ਸਰਕਾਰ ਨੇ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਧੱਕੇਸ਼ਾਹੀ ਦਾ ਰਾਹ ਫੜਿਆ ਹੋਇਆ ਹੈ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਤੇ ਠੱਲ੍ਹ ਪਾਉਣ ਵਾਲਿਆਂ ਨੂੰ ਜੇਲ੍ਹਾਂ ਚ ਤਾੜਨਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿੰਨਾ ਚਿਰ ਝੋਟੇ ਨੂੰ ਪੂਰਾ ਇਨਸਾਫ਼ ਨਹੀਂ ਮਿਲਦਾ, ਓਨਾ ਚਿਰ ਇਹ ਪਿੰਡ-ਪਿੰਡ ਰੋਸ ਪ੍ਰਦਰਸ਼ਨ ਓਵੇਂ ਹੀ ਚੱਲਦੇ ਰਹਿਣਗੇ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪਿੰਡ ਦੇ ਪੰਚਾਂ-ਸਰਪੰਚਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਰੀ ਗਿਣਤੀ ਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਸਮੇਂ ਸਾਬਕਾ ਸਰਪੰਚ ਸੁਖਪਾਲ ਸਿੰਘ ਸਮਰਾ, ਸਾਬਕਾ ਸਰਪੰਚ ਦਰਸ਼ਨ ਪਾਲ ਸਿੰਘ, ਗੁਰਪ੍ਰੀਤ ਸਿੰਘ ਗੋਪਾ, ਕਿਸਾਨ ਯੂਨੀਅਨ ਕਾਦੀਆਂ ਦੇ ਇਕਾਈ ਪ੍ਰਧਾਨ ਬਲਜੀਤ ਸਿੰਘ ਬੱਲੀ, ਬਹਾਦਰ ਸਿੰਘ, ਸੰਧੂਰਾ ਸਿੰਘ, ਹੈਪੀ ਸਿੰਘ, ਗੁਰਪ੍ਰੀਤ ਸਿੰਘ ਭੂਰੇ, ਇਕਾਈ ਪ੍ਰਧਾਨ ਭੂਰੇ ਮੱਖਣ ਸਿੰਘ, ਜੀਤ ਸਿੰਘ ਉੱਪਲ ਅਤੇ ਜਮੇਰ ਸਿੰਘ ਸਮੇਤ ਵੱਡੀ ਗਿਣਤੀ ਚ ਇਲਾਕਾ ਨਿਵਾਸੀ ਹਾਜ਼ਰ ਸਨ। ਇਕੱਠੇ ਹੋਏ ਲੋਕਾਂ ਨੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਝੋਟੇ ਦੀ ਤੁਰੰਤ ਰਿਹਾਈ ਤੇ ਇਨਸਾਫ਼ ਦੀ ਮੰਗ ਕੀਤੀ।