ਬੁੱਲਾਪੁਰ ’ਚ ਖੇਤਾਂ ’ਚ ਚੱਲ ਰਹੇ ਬੁੱਚੜਖਾਨੇ ਦਾ ਪਰਦਾਫਾਸ਼ ਬੁੱਲਾਪੁਰ 'ਚ ਖੇਤਾਂ ਵਿਚ ਚੱਲ ਰਹੇ ਬੁੱਚੜਖਾਨੇ ਦਾ ਪਰਦਾਫਾਸ਼
Publish Date: Sun, 12 Jul 2026 05:50 PM (IST)
Updated Date: Sun, 12 Jul 2026 05:51 PM (IST)
- ਤਿੰਨ ਗਊਆਂ ਦੇ ਸਿਰ ਤੇ ਮਾਸ ਬਰਾਮਦ, ਦੋ ਗਊਆਂ ਜ਼ਿੰਦਾ ਛੁਡਵਾਈਆਂ - ਦੋ ਵਿਅਕਤੀ 2 ਕਾਬੂ, 4 ਫ਼ਰਾਰ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਮਾਲੇਰਕੋਟਲਾ : ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਬੁੱਲਾਪੁਰ ਵਿਖੇ ਇੱਕ ਖੇਤ ਵਿੱਚ ਬਣੇ ਮਕਾਨ ਅੰਦਰ ਕਥਿਤ ਤੌਰ ’ਤੇ ਚੱਲ ਰਹੇ ਗਊ ਕਤਲ ਦੇ ਅੱਡੇ ਦਾ ਰਾਤ ਦੇ ਕਰੀਬ ਡੇਢ ਵਜੇ ਪਰਦਾਫਾਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਅਮਰਗੜ੍ਹ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚਾਰ ਹੋਰ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਮੌਕੇ ਤੋਂ ਮਾਸ, ਗਊਆਂ ਦੇ ਕੱਟੇ ਹੋਏ ਅੰਗ, ਦੋ ਵਾਹਨ ਅਤੇ ਹੋਰ ਸਾਮਾਨ ਕਬਜ਼ੇ ਵਿੱਚ ਲੈ ਕੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਹੰਮਦ ਅਸਲਮ ਨਾਮਕ ਵਿਅਕਤੀ ਨੇ ਪਿੰਡ ਬੁੱਲਾਪੁਰ-ਨਾਰੀਕੇ ਰੋਡ ਨੇੜੇ ਅਮਨਦੀਪ ਸਿੰਘ ਤੋਂ ਕਰੀਬ 19-20 ਵਿੱਘੇ ਜ਼ਮੀਨ ਠੇਕੇ ’ਤੇ ਲਈ ਹੋਈ ਸੀ। ਖੇਤ ਵਿੱਚ ਬਣੇ ਮਕਾਨ ਅੰਦਰ ਕਥਿਤ ਤੌਰ ’ਤੇ ਗਊਆਂ ਦੀ ਕਤਲਗਾਹ ਚਲਾਈ ਜਾ ਰਹੀ ਸੀ। ਪਿੰਡ ਵਾਸੀਆਂ ਨੂੰ ਇਸ ਸਰਗਰਮੀ ਬਾਰੇ ਪਹਿਲਾਂ ਤੋਂ ਸ਼ੱਕ ਸੀ, ਜਿਸ ਕਾਰਨ ਉਨ੍ਹਾਂ ਨੇ ਨਿਗਰਾਨੀ ਰੱਖੀ। ਰਾਤ ਸਮੇਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਕੁਝ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਗਊਆਂ ਨੂੰ ਕੱਟਦੇ ਹੋਏ ਦੇਖਿਆ। ਇਸ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਦਕਿ ਇੱਕ ਹੋਰ ਮੌਕੇ ਤੋਂ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਦੇ ਦਾਅਵੇ ਅਨੁਸਾਰ ਮਕਾਨ ਅੰਦਰੋਂ ਗਊਆਂ ਦਾ ਮਾਸ ਅਤੇ ਕੱਟੇ ਹੋਏ ਅੰਗ ਮਿਲੇ ਹਨ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਇੱਥੇ ਕਰੀਬ ਪੰਜ ਸਾਲਾਂ ਤੋਂ ਇਹ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਸੀ। ਪਿੰਡ ਵਾਸੀਆਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਇਸ ਕਥਿਤ ਬੁੱਚੜਖਾਨੇ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਗੁਰਿੰਦਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਇਹ ਜ਼ਮੀਨ ਕਿਸੇ ਬਾਹਰੀ ਵਿਅਕਤੀ ਨੂੰ ਠੇਕੇ ’ਤੇ ਨਹੀਂ ਦਿੱਤੀ ਜਾਵੇਗੀ ਅਤੇ ਇਸ ਦੀ ਆਮਦਨ ਗੁਰੂ ਘਰ ਨੂੰ ਦਿੱਤੀ ਜਾਵੇਗੀ। ਨਾਲ ਹੀ ਕਥਿਤ ਬੁੱਚੜਖਾਨੇ ਨੂੰ ਇੱਥੋਂ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ। ਥਾਣਾ ਅਮਰਗੜ੍ਹ ਦੇ ਮੁਖੀ ਜਗਸੀਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਛਾਪਾ ਮਾਰਿਆ। ਉੱਥੋਂ ਤਿੰਨ ਗਊਆਂ ਦੇ ਸਿਰ ਅਤੇ ਦੋ ਗਊਆਂ ਜ਼ਿੰਦਾ ਹਾਲਤ ਵਿੱਚ ਮਿਲੀਆਂ। ਪੁਲਿਸ ਨੇ ਮੁੱਖ ਮੁਲਜ਼ਮ ਮੁਹੰਮਦ ਅਸਲਮ ਮਾਲੇਰਕੋਟਲਾ ਅਤੇ ਸਲਾਮ ਮੁਹੰਮਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਇੱਕ ਮਹਿੰਦਰਾ ਪਿਕਅੱਪ ਅਤੇ ਇੱਕ ਅੰਬੈਸਡਰ ਕਾਰ ਵੀ ਕਬਜ਼ੇ ਵਿੱਚ ਲਈ ਗਈ ਹੈ। ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਫ਼ਰਾਰ ਮੁਲਜ਼ਮਾਂ ਦੀ ਭਾਲ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।