15 ਨੂੰ ਬੀਡੀਪੀਓ ਦਫ਼ਤਰ ਸ਼ੇਰਪੁਰ ਅੱਗੇ ਧਰਨਾ: ਬਨੀ ਖਹਿਰਾ 15 ਨੂੰ ਬੀਡੀਪੀਓ ਦਫ਼ਤਰ ਸ਼ੇਰਪੁਰ ਅੱਗੇ ਧਰਨਾ: ਬਨੀ ਖਹਿਰਾ
Publish Date: Sun, 11 Oct 2026 03:12 PM (IST)
Updated Date: Mon, 12 Oct 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ, ਜਾਗਰਣ, ਮਾਲੇਰਕੋਟਲਾ : ਹਲਕਾ ਮਹਿਲ ਕਲਾਂ ਦੇ ਗਰੀਬਾਂ, ਮਜ਼ਦੂਰਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਸਹਾਇਤਾ ਦੇਣ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਕਾਂਗਰਸੀ ਆਗੂ ਬਨੀ ਖੈਰਾ ਨੇ ਕਿਹਾ ਕਿ ਮੀਂਹਾਂ ਕਾਰਨ ਨੁਕਸਾਨੇ ਮਕਾਨਾਂ ਦਾ ਮੁਆਵਜ਼ਾ ਨਾ ਮਿਲਣ ਕਾਰਨ ਪ੍ਰਭਾਵਿਤ ਪਰਿਵਾਰ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਐਲਾਨਾਂ ਅਤੇ ਸਰਵੇਖਣਾਂ ਦੇ ਬਾਵਜੂਦ ਕਈ ਲੋੜਵੰਦ ਪਰਿਵਾਰ ਹਾਲੇ ਵੀ ਬਣਦੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਬਨੀ ਖਹਿਰਾ ਨੇ ਇਹ ਗੱਲ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਟਿੱਬਾ ਵਿਖੇ ਮੀਂਹਾਂ ਕਾਰਨ ਨੁਕਸਾਨੇ ਮਕਾਨਾਂ ਵਾਲੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਮੌਕੇ ਕਹੀ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕਿਹਾ ਕਿ ਹੱਕਦਾਰ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਲਈ ਉਨ੍ਹਾਂ ਦੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਭਾਰੀ ਮੀਂਹਾਂ ਕਾਰਨ ਕਈ ਗਰੀਬ ਪਰਿਵਾਰਾਂ ਦੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਸੀ। ਕਈ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਸਨ ਅਤੇ ਕੁਝ ਮਕਾਨ ਰਹਿਣਯੋਗ ਵੀ ਨਹੀਂ ਰਹੇ ਸਨ। ਉਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੁਕਸਾਨੇ ਮਕਾਨਾਂ ਦੇ ਮਾਲਕਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਦਾ ਸਰਵੇਖਣ ਕਰਕੇ ਸੂਚੀਆਂ ਤਿਆਰ ਕੀਤੀਆਂ ਗਈਆਂ ਸਨ, ਪਰ ਬਨੀ ਖੈਰਾ ਅਨੁਸਾਰ ਕਈ ਪਰਿਵਾਰਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਬਨੀ ਖਹਿਰਾ ਨੇ ਐਲਾਨ ਕੀਤਾ ਕਿ ਗਰੀਬਾਂ, ਮਜ਼ਦੂਰਾਂ ਅਤੇ ਲੋੜਵੰਦ ਪਰਿਵਾਰਾਂ ਦੀਆਂ ਮੰਗਾਂ ਨੂੰ ਲੈ ਕੇ 15 ਅਕਤੂਬਰ, ਨੂੰ ਸਵੇਰੇ 10 ਵਜੇ ਬੀਡੀਪੀਓ ਦਫ਼ਤਰ ਸ਼ੇਰਪੁਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਮੀਂਹਾਂ ਕਾਰਨ ਨੁਕਸਾਨੇ ਮਕਾਨਾਂ ਦੇ ਮੁਆਵਜ਼ੇ, ਸਰਵੇਖਣ ਤੋਂ ਵਾਂਝੇ ਰਹਿ ਗਏ ਹੱਕਦਾਰ ਪਰਿਵਾਰਾਂ ਨੂੰ ਸੂਚੀਆਂ ਵਿੱਚ ਸ਼ਾਮਲ ਕਰਨ, ਸ਼ਗਨ ਸਕੀਮ ਦੀ ਲੰਬਿਤ ਰਾਸ਼ੀ ਜਾਰੀ ਕਰਨ ਅਤੇ ਮਨਰੇਗਾ ਤਹਿਤ ਕੰਮ ਮੁਹੱਈਆ ਕਰਵਾਉਣ ਦੀਆਂ ਮੰਗਾਂ ਉਠਾਈਆਂ ਜਾਣਗੀਆਂ। ਇਸ ਮੌਕੇ ਟਿੱਬਾ ਕਾਂਗਰਸ ਇਕਾਈ ਦੇ ਪ੍ਰਧਾਨ ਇੰਦਰਜੀਤ ਸਿੰਘ, ਬਲਾਕ ਸ਼ੇਰਪੁਰ ਦੇ ਐੱਸ.ਸੀ. ਵਿਭਾਗ ਦੇ ਚੇਅਰਮੈਨ ਰਿੰਪੀ ਟਿੱਬਾ, ਸੀਨੀਅਰ ਕਾਂਗਰਸੀ ਆਗੂ ਡਾ. ਲਖਵਿੰਦਰ ਸਿੰਘ ਲੱਖਾ, ਕੈਪਟਨ ਸਾਹਿਬ, ਹਰਪ੍ਰੀਤ ਕਾਲਾਬੂਲਾ, ਅਮਰਜੀਤ ਕਾਲਾਬੂਲਾ, ਹਰਬੰਸ ਲਾਲ ਟਿੱਬਾ, ਰਾਜਨ ਟਿੱਬਾ, ਗੁਰਬਚਨ ਸਿੰਘ ਅਤੇ ਹੰਸਰਾਜ ਹਾਜ਼ਰ ਸਨ।