ਪ੍ਰੇਮ ਸਬੰਧਾਂ ’ਚ ਰੋੜਾ ਬਣਨ ’ਤੇ ਦਿਓਰ ਦਾ ਕਰਵਾਇਆ ਕਤਲ ਇਸ਼ਕ ਸਬੰਧਾਂ ’ਚ ਰੋੜਾ ਬਣਨ ’ਤੇ ਭਰਜਾਈ ਨੇ ਦਿਓਰ ਦਾ ਕਰਵਾਇਆ ਕਤਲ
Publish Date: Tue, 20 Oct 2026 07:06 PM (IST)
Updated Date: Wed, 21 Oct 2026 04:03 AM (IST)
- ਮੁੱਖ ਦੋਸ਼ੀ ਭਰਜਾਈ ਸਮੇਤ ਕਈ ਗ੍ਰਿਫ਼ਤਾਰ - ਪ੍ਰੇਮ ਸਬੰਧਾਂ ਨੇ ਮਾਮੇ ਦਾ ਮੁੰਡਾ ਮਰਵਾਇਆ ਕੈਪਸ਼ਨ : ਕਾਬੂ ਕੀਤੇ ਵਿਅਕਤੀਆਂ ਸਬੰਧੀ ਜਾਣਕਾਰੀ ਦੇਣ ਸਮੇਂ ਡੀਐਸਪੀ ਰਾਜਿੰਦਰਪਾਲ ਸਿੰਘ ਤੇ ਐਸਐਚਓ ਚਰਨਜੀਤ ਸਿੰਘ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਨੇੜਲੇ ਪਿੰਡ ਸੇਖਾ ਤੋਂ 16 ਅਕਤੂਬਰ ਤੋਂ ਲਾਪਤਾ ਗੁਰਦੀਪ ਸਿੰਘ ਦੇ ਅਗਵਾ ਤੇ ਕਤਲ ਦੀ ਗੁੱਥੀ ਨੂੰ ਜ਼ਿਲ੍ਹਾ ਪੁਲਿਸ ਨੇ ਸੁਲਝਾ ਲਿਆ ਹੈ। ਇਹ ਸਾਰੀ ਵਾਰਦਾਤ ਨਾਜਾਇਜ਼ ਪ੍ਰੇਮ ਸਬੰਧਾਂ ਕਾਰਨ ਅੰਜਾਮ ਦਿੱਤੀ ਗਈ ਸੀ। ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਤੋਂ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਰਾਜਿੰਦਰਪਾਲ ਸਿੰਘ ਤੇ ਐੱਸ.ਐੱਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਦੀ ਸਕੀ ਭਰਜਾਈ ਨਿੱਕੀ ਕੌਰ ਉਰਫ਼ ਰਮਨ ਦੇ ਉਸ ਦੀ ਭੂਆ ਦੇ ਲੜਕੇ ਜਗਦੇਵ ਸਿੰਘ ਉਰਫ਼ ਦੇਬੀ ਵਾਸੀ ਪੱਖੋਕੇ ਨਾਲ ਪ੍ਰੇਮ ਸਬੰਧ ਸਨ। ਗੁਰਦੀਪ ਸਿੰਘ ਦੋਵਾਂ ਨੂੰ ਇਨ੍ਹਾਂ ਸਬੰਧਾਂ ਤੋਂ ਰੋਕਦਾ ਸੀ ਤੇ ਪਰਿਵਾਰ ਚ ਸਿਰਫ਼ ਉਸੇ ਨੂੰ ਹੀ ਇਸ ਗੱਲ ਦੀ ਜਾਣਕਾਰੀ ਸੀ। ਆਪਣੇ ਰਸਤੇ ਦਾ ਰੌੜਾ ਸਮਝਦਿਆਂ ਭਰਜਾਈ ਦੇ ਉਕਸਾਉਣ ’ਤੇ ਜਗਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੀਪ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ। ਥਾਣਾ ਸਿਟੀ ਦੋ ਦੇ ਮੁਖੀ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਜਗਦੇਵ ਸਿੰਘ ਉਰਫ਼ ਦੇਬੀ, ਮ੍ਰਿਤਕ ਦੀ ਭਰਜਾਈ ਨਿੱਕੀ ਕੌਰ ਉਰਫ਼ ਰਮਨ ਤੇ ਪਰਵਿੰਦਰ ਸਿੰਘ, ਨਿਸ਼ੂ ਸਿੰਘ ਦੋਵੇਂ ਵਾਸੀ ਪੱਖੋਕੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਰਨਾਲਾ ਪੁਲਿਸ ਦੀ ਪਕੜ ’ਚੋਂ ਜਸਪ੍ਰੀਤ ਸਿੰਘ ਉਰਫ਼ ਬੱਬੂ ਤੇ ਜਸ਼ਨਦੀਪ ਸਿੰਘ ਉਰਫ਼ ਮਿੱਡਾ ਵਾਸੀ ਗੁਰਸੇਵਕ ਨਗਰ, ਬਰਨਾਲਾ ਫਿਲਹਾਲ ਫ਼ਰਾਰ ਹਨ। ਪੁਲਿਸ ਜਾਂਚ ਚ ਸਾਹਮਣੇ ਆਇਆ ਹੈ ਕਿ ਮਾਮਲੇ ਚ ਨਾਮਜ਼ਦ ਦੋਸ਼ੀ ਜਸਪ੍ਰੀਤ ਸਿੰਘ ਉਰਫ਼ ਬੱਬੂ ਤੇ ਜਸ਼ਨਦੀਪ ਸਿੰਘ ਉਰਫ਼ ਮਿੱਡਾ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ, ਚੋਰੀ ਤੇ ਲੜਾਈ-ਝਗੜੇ ਦੇ ਚਾਰ-ਚਾਰ ਮੁਕੱਦਮੇ ਵੱਖ-ਵੱਖ ਥਾਣਿਆਂ ਚ ਦਰਜ ਹਨ। ਪੁਲਿਸ ਨੇ ਪਹਿਲਾਂ ਮ੍ਰਿਤਕ ਦੇ ਪਿਤਾ ਰਾਜ ਸਿੰਘ ਦੇ ਬਿਆਨਾਂ ਤੇ ਅਗਵਾ ਦਾ ਕੇਸ ਮੁਕੱਦਮਾ ਨੰਬਰ 522 ਦਰਜ ਕੀਤਾ ਸੀ, ਪਰ ਹੁਣ ਜਾਂਚ ਦੇ ਆਧਾਰ ਤੇ ਕਤਲ ਧਾਰਾ 103 ਬੀ.ਐੱਨ.ਐੱਸ. ਸਮੇਤ ਹੋਰ ਗੰਭੀਰ ਧਾਰਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ। ਅਗਵਾ ਕਰ ਕੇ ਕਾਰ ਚ ਕੀਤਾ ਕਤਲ, ਨਹਿਰ ਚ ਸੁੱਟੀ ਲਾਸ਼ ਪੁਲਿਸ ਅਨੁਸਾਰ 16 ਅਕਤੂਬਰ ਦੀ ਸ਼ਾਮ ਨੂੰ ਮੁਲਜ਼ਮਾਂ ਨੇ ਡਿਊਟੀ ਤੋਂ ਘਰ ਪਰਤ ਰਹੇ ਗੁਰਦੀਪ ਸਿੰਘ ਨੂੰ ਅਗਵਾ ਕੀਤਾ ਤੇ ਗੱਡੀ ਅੰਦਰ ਹੀ ਉਸ ਦਾ ਕਤਲ ਕਰ ਕੇ ਲਾਸ਼ ਸ਼ਹਿਣਾ ਨਹਿਰ ਚ ਸੁੱਟ ਦਿੱਤੀ। ਨਹਿਰ ਚ ਪਾਣੀ ਘੱਟ ਹੋਣ ਕਾਰਨ ਲਾਸ਼ ਕਿਨਾਰੇ ਤੇ ਹੀ ਅਟਕ ਗਈ, ਜਿਸ ਨੂੰ ਮੁੱਖ ਦੋਸ਼ੀ ਜਗਦੇਵ ਸਿੰਘ ਦੀ ਨਿਸ਼ਾਨਦੇਹੀ ਤੇ ਬਰਾਮਦ ਕਰ ਲਿਆ ਗਿਆ ਹੈ। ਵਾਰਦਾਤ ਚ ਵਰਤੀ ਗਈ ਚਿੱਟੀ ਮਾਰੂਤੀ ਸਵਿਫ਼ਟ ਕਾਰ ਵੀ ਪੁਲਿਸ ਨੇ ਜ਼ਬਤ ਕਰ ਲਈ ਹੈ।