ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ 'ਤੇ ਉੱਠੇ ਸਵਾਲ ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ 'ਤੇ ਉੱਠੇ ਸਵਾਲ
Publish Date: Wed, 05 Aug 2026 06:52 PM (IST)
Updated Date: Thu, 06 Aug 2026 04:02 AM (IST)
: ਸਰਕਾਰੀ ਸਕੂਲਾਂ ਚੋਂ ਲਗਭਗ 6 ਲੱਖ ਵਿਦਿਆਰਥੀ ਘਟੇ, -ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਵਿਧਾਨ ਸਭਾ ਚ ਸਰਕਾਰ ਨੂੰ ਘੇਰਿਆ, ‘ਆਪ’ ਸਰਕਾਰ ਨੇ ਇੱਕ ਸਕੂਲ ਨਵਾਂ ਖੋਲਿਆ, 7 ਕੀਤੇ ਬੰਦ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਹਵਾ ਕੱਢਦਿਆਂ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ। -ਵਿਧਾਨ ਸਭਾ ਚ ਮਾਈਕ ਬੰਦ ਕਰਨ ਤੇ ਨਾਅਰੇਬਾਜ਼ੀ ਦਾ ਵਿਵਾਦ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੰਜਾਬੀ ਨੂੰ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਚੇਰੀ ਸਿੱਖਿਆ ਲਈ ਖਾਲੀ ਪਈਆਂ 2400 ਤੋਂ ਵੱਧ ਅਸਾਮੀਆਂ ਭਰਨ ਅਤੇ ਬੇਰੋਜ਼ਗਾਰ ਨੌਜਵਾਨਾਂ ਦੇ ਰੋਜ਼ਗਾਰ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਜਵਾਬ ਮੰਗਿਆ, ਤਾਂ ਮੰਤਰੀ ਵੱਲੋਂ ਗੋਲ-ਮੋਲ ਜਵਾਬ ਦਿੱਤਾ ਗਿਆ। ਜਦੋਂ ਵਿਧਾਇਕ ਨੇ ਇਸ ਮੁੱਦੇ ਤੇ ਦੁਬਾਰਾ ਬਹਿਸ ਕਰਨੀ ਚਾਹੀ, ਤਾਂ ਸਪੀਕਰ ਦੇ ਹੁਕਮਾਂ ਨਾਲ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ। ਇਸ ਦੇ ਰੋਸ ਵਜੋਂ ਕਾਲਾ ਢਿੱਲੋਂ ਨੇ ਸੀਟ ਤੋਂ ਉੱਠ ਕੇ ਸਪੀਕਰ ਦੇ ਸਾਹਮਣੇ ਆ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। -ਸਰਕਾਰੀ ਸਕੂਲਾਂ ਤੋਂ 5,98,302 ਵਿਦਿਆਰਥੀ ਘਟੇ ਵਿਧਾਨ ਸਭਾ ਚ ਜਦੋਂ ਕੈਬਨਟ ਮੰਤਰੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਹਵਾਲਾ ਦੇ ਕੇ ਸਿਫਤਾਂ ਦੇ ਪੁਲ ਬੰਨ ਰਹੇ ਸਨ ਤਾਂ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਖੜਾ ਹੋ ਕੇ ਇਸ ਦੇ ਸਹੀ ਤੱਥ ਵਿਧਾਨ ਸਭਾ ਚ ਹੀ ਪੇਸ਼ ਕੀਤੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਾਂਗਰਸੀ ਵਿਧਾਇਕ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੌਰਾਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਮੋਹ ਭੰਗ ਹੋਇਆ ਹੈ। ਮਾਰਚ 2022 : ਸਰਕਾਰੀ ਸਕੂਲਾਂ ਵਿੱਚ ਕੁੱਲ ਵਿਦਿਆਰਥੀ: 29,62,378 ਜੁਲਾਈ 2026: ਸਰਕਾਰੀ ਸਕੂਲਾਂ ਵਿੱਚ ਕੁੱਲ ਵਿਦਿਆਰਥੀ: 23,64,076 ਕੁੱਲ ਗਿਰਾਵਟ: 5,98,302 (ਲਗਭਗ 6 ਲੱਖ) ਢੱਲੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਪੂਰੀ ਤਰਹਾਂ ਫੇਲ ਹੈ। ਇਸ ਤੇ ਸਰਕਾਰ ਪ੍ਰਚਾਰ ਹੀ ਕਰ ਰਹੀ ਹੈ ਜਦਕਿ ਇਸ ਦੀ ਜਮੀਨੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਸਕੂਲਾਂ ਚੋਂ ਆਪ ਸਰਕਾਰ ਚ 6 ਲੱਖ ਦੇ ਕਰੀਬ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਆਪ ਸਰਕਾਰ ਨੇ ਇੱਕ ਸਕੂਲ ਨਵਾਂ ਖੋਲਿਆ,7 ਕੀਤੇ ਬੰਦ* ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਸਿੱਖਿਆ ਕ੍ਰਾਂਤੀ ਦਾ ਸਰਕਾਰੀ ਸਕੂਲਾਂ ਦਾ ਸਰਕਾਰੀ ਅੰਕੜਾ ਲੈ ਕੇ ਹੈਰਾਨ ਹੀ ਨਹੀਂ ਕੀਤਾ। ਸਗੋਂ ਹਾਸੋਹੀਣੀ ਸਥਿਤੀ ਬਣਾ ਦਿੱਤੀ ਕਿ ਆਪ ਸਰਕਾਰ ਨੇ ਆਪਦੇ ਰਾਜ ਵਿੱਚ ਸਿਰਫ ਇੱਕ ਸਕੂਲ ਨਵਾਂ ਖੋਲਿਆ ਜਦਕਿ ਸੱਤ ਸਕੂਲ ਉਸ ਨੇ ਬੰਦ ਕੀਤੇ ਹਨ। ਜਿਸ ਦਾ ਹਵਾਲਾ ਵੀ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਕੀਤੇ ਤੱਥਾਂ ਤੋਂ ਜੱਗ ਜਾਹਿਰ ਹੋਇਆ ਹੈ। ਜਿਸ ਵਿੱਚ ਲਿਖਤੀ ਰੂਪ ਚ ਦੱਸਿਆ ਗਿਆ ਹੈ ਕਿ 16 ਮਾਰਚ 2022 ਤੋਂ 28 ਜੁਲਾਈ 2026 ਤੱਕ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਸਿਰਫ਼ 1 ਪ੍ਰਾਇਮਰੀ ਸਕੂਲ ਖੋਲ੍ਹਿਆ ਗਿਆ, ਜਦਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਪੱਧਰ ਤੇ ਕੋਈ ਨਵਾਂ ਸਕੂਲ ਨਹੀਂ ਖੋਲ੍ਹਿਆ ਗਿਆ। ਇਸ ਸਮੇਂ ਦੌਰਾਨ 6 ਪ੍ਰਾਇਮਰੀ ਅਤੇ 1 ਮਿਡਲ ਸਕੂਲ ਬੰਦ ਕੀਤਾ ਗਿਆ। ਸਰਕਾਰ ਵੱਲੋਂ ਕੁੱਲ 5 ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅਪਗ੍ਰੇਡ ਕੀਤਾ ਗਿਆ। ਸਰਕਾਰੀ ਅੰਕੜੇ ਹੀ ਇਹ ਸਪੱਸ਼ਟ ਕਰਦੇ ਹਨ ਕਿ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।