- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਨੇ ਵਿੱਤ ਮੰਤਰੀ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੀ ਅਗਵਾਈ ਹੇਠ ਕੀਤਾ ਗਿਆ। ਇਹ ਪ੍ਰਦਰਸ਼ਨ ਪਿੰਡ ਤੂਰਬੰਜਾਰਾ ਦੇ ਗੁਲਜਾਰ ਸਿੰਘ ਦੀ ਖੁਦਕਸ਼ੀ ਤੋਂ ਬਾਅਦ ਉਸਨੂੰ ਇਨਸਾਫ ਦਵਾਉਣ ਲਈ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਦੇ ਕੌਮੀ ਪ੍ਰਧਾਨ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਅਕਾਲੀ ਦਲ ਵੱਲੋਂ ਅਨਾਜ ਮੰਡੀ ਤੋਂ ਸ਼ੁਰੂ ਕਰਕੇ ਸਾਰੇ ਸ਼ਹਿਰ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਰੈਲੀ ਕੱਢੀ ਗਈ। ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਵਿਅਕਤੀ ਵੱਲੋਂ ਆਪਣੇ ਪੁੱਤਰ ਨੂੰ ਨਸ਼ੇ ਦੇ ਬਚਾਉਣ ਲਈ ਹੁਕਮਰਾਨ ਪਾਰਟੀ ਦੇ ਆਗੂ ਦੇ ਅੱਗੇ ਗੁਹਾਰ ਲਾਈ ਹੋਵੇ। ਪਰ ਉਸ ਦੀ ਇਹ ਬੇਨਤੀ ਉਸਦੀ ਮੌਤ ਵਿੱਚ ਬਦਲ ਗਈ ਹੋਵੇ, ਇਹ ਇੱਕ ਸੋਚਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਦੇ ਮੁੱਦੇ ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਚਾਰ ਸਾਲਾਂ ਦੇ ਵਿੱਚ ਨਸ਼ੇ ਨੂੰ ਠੱਲ੍ਹ ਨਹੀਂ ਪਾ ਸਕੀ, ਸਗੋਂ ਨਸ਼ੇ ਦਾ ਵਿਸਥਾਰ ਹੋ ਰਿਹਾ ਹੈ। ਲੋਕਾਂ ਨੂੰ ਇਹ ਕਹਿਣ ਵਾਲੀ ਪਾਰਟੀ ਕਿ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਪਰ ਆਪ ਇਸ ਸਮੇਂ ਸਵਾਲ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ ਸਗੋਂ ਸਵਾਲ ਕਰਨ ਵਾਲਿਆਂ ਤੇ ਜ਼ੁਲਮ ਵੀ ਕਰ ਰਹੀ ਹੈ। ਪਿੰਡ ਤੂਰਬੰਜਾਰਾ ਦੇ ਗੁਲਜਾਰ ਸਿੰਘ ਵੱਲੋਂ ਖੁਦਕਸ਼ੀ ਕੀਤੇ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਬਹੁਤ ਵੱਡਾ ਕਲੰਕ ਹੈ। ਉਨ੍ਹਾਂ ਮੰਗ ਕੀਤੀ ਕਿ ਗੁਲਜਾਰ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਦਿੱਤੇ ਗਏ ਬਿਆਨ ਅਨੁਸਾਰ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ। ਵਿੱਤ ਮੰਤਰੀ ਹਰਪਾਲ ਸਿੰਘ ਦਾ ਨਾਂ ਐਫਆਈਆਰ ਦੇ ਵਿੱਚ ਸ਼ਾਮਿਲ ਕਰੇ। ਕਿਉਂਕਿ ਦੇਸ਼ ਦਾ ਕਾਨੂੰਨ ਗਰੀਬ, ਅਮੀਰ, ਵੱਡੇ ਅਤੇ ਛੋਟੇ ਲਈ ਇੱਕ ਸਾਮਾਨ ਹੈ, ਉਸ ਨੂੰ ਐੱਫਆਈਆਰ ਤੋਂ ਦੂਰ ਰੱਖਣਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਬੇਇਨਸਾਫੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਲੀਗਲ ਸੈੱਲ ਵੱਲੋਂ ਇਨਸਾਫ ਦਵਾਉਣ ਲਈ ਅਦਾਲਤ ਵਿੱਚ ਵੀ ਕੇਸ ਲੜੇਗੀ।
ਇਸ ਮੌਕੇ ਐੱਸਸੀ ਹਲਕਿਆਂ ਦੇ ਇੰਚਾਰਜ, ਹਰਪਾਲ ਸਿੰਘ ਖਡਿਆਲ, ਯੂਥ ਆਗੂ ਸਤਿਗੁਰ ਸਿੰਘ ਘੁਮਾਣ ਹਾਜ਼ਰ ਸਨ।