ਬਰਨਾਲਾ ਦੇ ਸੇਖਾ ਰੋਡ 'ਤੇ ਸੀਵਰੇਜ ਓਵਰਫ਼ਲੋ ਬਰਨਾਲਾ ਦੇ ਸੇਖਾ ਰੋਡ 'ਤੇ ਸੀਵਰੇਜ ਓਵਰਫ਼ਲੋ
Publish Date: Sun, 23 Aug 2026 07:16 PM (IST)
Updated Date: Mon, 24 Aug 2026 04:04 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਨਗਰ ਨਿਗਮ ਬਰਨਾਲਾ ਦੇ ਸੇਖਾ ਰੋਡ ਸਥਿਤ ਗਲੀ ਨੰਬਰ 5 ਦੇ ਨਿਵਾਸੀ ਪਿਛਲੇ 10-14 ਦਿਨਾਂ ਤੋਂ ਸੀਵਰੇਜ ਦੇ ਓਵਰਫ਼ਲੋ ਹੋਏ ਗੰਦੇ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 10 ਤੇ 11 ਦੀ ਇਸ ਸਾਂਝੀ ਸੜਕ ਤੇ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਪੂਰੀ ਸੜਕ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਕਾਰਨ ਇਲਾਕਾ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਹਾ ਹੈ ਅਤੇ ਇਲਾਕੇ ਵਿੱਚ ਮਹਾਮਾਰੀ ਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪ੍ਰਸ਼ਾਸਨਿਕ ਅਣਦੇਖੀ ਤੋਂ ਖ਼ਫ਼ਾ ਹੋ ਕੇ ਸਥਾਨਕ ਲੋਕਾਂ ਨੇ ਸਰਕਾਰ ਤੇ ਨਗਰ ਨਿਗਮ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। --ਆਵਾਜਾਈ ਠੱਪ, ਬਦਬੂ ਨਾਲ ਲੋਕ ਪਰੇਸ਼ਾਨ ਸੜਕ ’ਤੇ ਕਈ ਦਿਨਾਂ ਤੋਂ ਖੜ੍ਹੇ ਗੰਦੇ ਪਾਣੀ ਕਾਰਨ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ’ਚੋਂ ਆਉਂਦੀ ਦੁਰਗੰਧ ਕਾਰਨ ਆਸ-ਪਾਸ ਦੇ ਵਸਨੀਕਾਂ ਦਾ ਘਰਾਂ ਚ ਰਹਿਣਾ ਵੀ ਦੁੱਭਰ ਹੋ ਗਿਆ ਹੈ। ਖੜ੍ਹੇ ਗੰਦੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਗਈ ਹੈ, ਜਿਸ ਤੋਂ ਡੇਂਗੂ ਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ। --ਅਧਿਕਾਰੀਆਂ ਦੀ ਅਣਦੇਖੀ ਤੋਂ ਅੱਕੇ ਮਹੱਲਾ ਵਾਸੀ ਸਥਾਨਕ ਨਿਵਾਸੀ ਹਰਮੇਲ ਸਿੰਘ, ਗੁਰਮੇਲ ਕੌਰ, ਕਾਕਾ ਸਿੰਘ ਤੇ ਅਵਨੀਤ ਕੌਰ ਆਦਿ ਨੇ ਦੱਸਿਆ ਕਿ ਉਹ ਇਸ ਸਮੱਸਿਆ ਸਬੰਧੀ ਕਈ ਵਾਰ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ। ਪਰ ਹਰ ਵਾਰ ਉਨ੍ਹਾਂ ਨੂੰ ਮਹਿਜ਼ ਖੋਖਲੇ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਸਥਾਈ ਹੱਲ ਕੀਤਾ ਜਾਵੇ। ਲੋਕਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਸਮੱਸਿਆ ਦਾ ਨਿਪਟਾਰਾ ਨਾ ਕੀਤਾ, ਤਾਂ ਉਹ ਤਿੱਖਾ ਰੋਸ ਪ੍ਰਦਰਸ਼ਨ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। --ਠੇਕੇਦਾਰ ਦੇ ਕੰਮ ਛੱਡਣ ਕਾਰਨ ਵਧੀ ਸਮੱਸਿਆ: ਕੌਂਸਲਰ ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਰਕੇਸ਼ ਕੁਮਾਰ ਗੋਲੂ ਤੇ ਕੌਂਸਲਰ ਸ਼ਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਸਮੱਸਿਆ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਜਿਸ ਠੇਕੇਦਾਰ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਹ ਕੰਮ ਅਧੂਰਾ ਛੱਡ ਕੇ ਭੱਜ ਗਿਆ ਹੈ। ਕੌਂਸਲਰਾਂ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਜਲਦ ਹੀ ਇਸ ਢੁਕਵੇਂ ਪ੍ਰਬੰਧ ਕਰਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ।