ਬਿਰਧ ਆਸ਼ਰਮ ਵਿਖੇ ਸੀਨੀਅਰ ਸਿਟੀਜਨ ਦਿਵਸ ਮਨਾਇਆ ਬਿਰਧ ਆਸ਼ਰਮ ਵਿਖੇ ਸੀਨੀਅਰ ਸਿਟੀਜਨ ਦਿਵਸ ਮਨਾਇਆ
Publish Date: Wed, 07 Oct 2026 04:21 PM (IST)
Updated Date: Thu, 08 Oct 2026 04:03 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਟੀਜਨ ਦਿਵਸ ਦੇ ਵਿਸ਼ੇਸ਼ ਮੌਕੇ ’ਤੇ ਬਿਰਧ ਆਸ਼ਰਮ, ਢਿੱਲਵਾਂ (ਬਰਨਾਲਾ) ਵਿਖੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ‘ਚ ਯੂਨੀਵਰਸਿਟੀ ਕਾਲਜ ਢਿੱਲਵਾਂ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਆਪਣੀ ਕਲਾ ਰਾਹੀਂ ਬਜ਼ੁਰਗਾਂ ਪ੍ਰਤੀ ਸਤਿਕਾਰ ਤੇ ਨੌਜਵਾਨ ਪੀੜ੍ਹੀ ਦੀ ਸਮਾਜਿਕ ਜ਼ਿੰਮੇਵਾਰੀ ਦਾ ਸਾਰਥਕ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ‘ਚ ਕਾਲਜ ਦੇ ਪ੍ਰੋਫੈਸਰ ਬਲਕਾਰ ਸਿੰਘ ਕਿੰਗਰਾ, ਪ੍ਰੋਫੈਸਰ ਮਨਪ੍ਰੀਤ ਸਿੰਘ (ਕੰਪਿਊਟਰ ਵਿਭਾਗ), ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋਫੈਸਰ ਅਮਨਦੀਪ ਕੌਰ (ਪੰਜਾਬੀ ਵਿਭਾਗ), ਪ੍ਰੋਫੈਸਰ ਚਰਨਜੀਤ ਕੌਰ, ਪ੍ਰੋਫੈਸਰ ਸੰਦੀਪ ਸਿੰਘ ਮਾਨ ਅਤੇ ਪ੍ਰੋਫੈਸਰ ਗੁਰਪ੍ਰੀਤ ਸਿੰਘ (ਕੰਪਿਊਟਰ ਵਿਭਾਗ) ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ, ਕਲੀ, ਕਵਿਤਾ, ਡਾਂਸ ਅਤੇ ਲੋਕ-ਗੀਤ ਆਦਿ ‘ਚ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਦੀਆਂ ਇਨ੍ਹਾਂ ਪੇਸ਼ਕਾਰੀਆਂ ਨੇ ਹਾਜ਼ਰ ਸਰੋਤਿਆਂ ਅਤੇ ਬਜ਼ੁਰਗਾਂ ਦਾ ਮਨ ਮੋਹ ਲਿਆ, ਜਿਨ੍ਹਾਂ ਵੱਲੋਂ ਬੱਚਿਆਂ ਦੀ ਕਲਾ ਅਤੇ ਭਾਵਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਕਾਲਜ ਢਿੱਲਵਾਂ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਸਫ਼ਲ ਤੇ ਸ਼ਾਨਦਾਰ ਪੇਸ਼ਕਾਰੀ ਲਈ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਦੇਸ਼ ‘ਚ ਕਿਹਾ ਕਿ ਅਜਿਹੇ ਸਾਰਥਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਜਿੱਥੇ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ, ਉੱਥੇ ਹੀ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਤੇ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕਰਦੇ ਹਨ।