ਪਿੰਡ ਛੀਨੀਵਾਲ ਕਲਾਂ ਵਿਖੇ 'ਸੀਚੇਵਾਲ ਮਾਡਲ ਛੱਪੜ' ਹੋਇਆ ਓਵਰਫਲੋ ਪਿੰਡ ਛੀਨੀਵਾਲ ਕਲਾਂ ਵਿਖੇ 'ਸੀਚੇਵਾਲ ਮਾਡਲ ਛੱਪੜ' ਹੋਇਆ ਓਵਰਫਲੋ
Publish Date: Tue, 21 Jul 2026 04:39 PM (IST)
Updated Date: Wed, 22 Jul 2026 04:02 AM (IST)
ਨੇੜਲੇ ਘਰਾਂ ਦਾ ਜਿਊਣਾ ਹੋਇਆ ਦੁਸ਼ਵਾਰ, ਪਿੰਡ ਵਾਸੀਆਂ ਨੇ ਪਾਈਪ ਲਾਈਨ ਰਾਹੀਂ ਡਰੇਨ ’ਚ ਪਾਣੀ ਪਾਉਣ ਦੀ ਕੀਤੀ ਮੰਗ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਪਿੰਡ ਤੋਂ ਕਲਾਲਾ ਨੂੰ ਜਾਂਦੀ ਲਿੰਕ ਸੜਕ ਉੱਪਰ ਬਣਿਆ ਸੀਚੇਵਾਲ ਮਾਡਲ ਛੱਪੜ ਓਵਰਫਲੋ ਹੋਣ ਕਾਰਨ ਇਲਾਕੇ ’ਚ ਸਥਿਤੀ ਬੇਹੱਦ ਚਿੰਤਾਜਨਕ ਬਣ ਗਈ ਹੈ। ਛੱਪੜ ਦਾ ਗੰਦਾ ਪਾਣੀ ਸੜਕਾਂ ਤੇ ਫੈਲਣ ਕਾਰਨ ਜਿੱਥੇ ਆਸ-ਪਾਸ ਰਹਿੰਦੇ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਉੱਥੇ ਹੀ ਰਾਹਗੀਰਾਂ ਨੂੰ ਵੀ ਇਸੇ ਬਦਬੂਦਾਰ ਅਤੇ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈ ਰਿਹਾ ਹੈ। ਕਾਗਜ਼ੀ ਵਿਕਾਸ ਦੀ ਖੁੱਲ੍ਹੀ ਪੋਲ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਕੌਰ ਸਿੰਘ ਮੱਘੀਕੇ, ਪੰਚ ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਨਿਰਮਲ ਸਿੰਘ, ਸੋਹਣ ਸਿੰਘ, ਸਤਿਨਾਮ ਸਿੰਘ ਸੱਤਾ ਤੇ ਮੇਜਰ ਸਿੰਘ ਨੇ ਦੱਸਿਆ ਕਿ ਇਸ ਛੱਪੜ ਨੂੰ ਬੜੇ ਚਾਅ ਨਾਲ ਸੀਚੇਵਾਲ ਮਾਡਲ ਦਾ ਨਾਂ ਦੇ ਕੇ ਤਿਆਰ ਕੀਤਾ ਗਿਆ ਸੀ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਰਕੇ ਇਹ ਛੱਪੜ ਜਲਦੀ ਹੀ ਭਰ ਜਾਂਦਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਘੱਟ ਡੂੰਘਾਈ ਘਰਾਂ ਦੇ ਮੁਕਾਬਲੇ ਛੱਪੜ ਦੀ ਲੋੜੀਂਦੀ ਡੂੰਘਾਈ ਨਹੀਂ ਕੀਤੀ ਗਈ, ਜਿਸ ਕਾਰਨ ਇਹ ਮਾਡਲ ਫੇਲ੍ਹ ਸਾਬਤ ਹੋ ਰਿਹਾ ਹੈ। ਬਿਮਾਰੀਆਂ ਦਾ ਖ਼ਤਰਾ: ਸੜਕਾਂ ਤੇ ਖੜ੍ਹੇ ਗੰਦੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਚੁੱਕੀ ਹੈ, ਜਿਸ ਨਾਲ ਪਿੰਡ ’ਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸਿਰਫ਼ ਡੰਗ-ਟਪਾਊ ਕੰਮ: ਜੇਕਰ ਇਹ ਸੱਚਮੁੱਚ ਮਾਡਲ ਪ੍ਰੋਜੈਕਟ ਸੀ, ਤਾਂ ਇਸ ਦੇ ਪਾਣੀ ਨੂੰ ਨੇੜਲੀ ਡਰੇਨ ਤੱਕ ਪਹੁੰਚਾਉਣ ਦਾ ਪੱਕਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਅਸੀਂ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਇਸ ਗੰਭੀਰ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਾਂ, ਪਰ ਅੱਜ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡੀ ਸਾਰ ਨਹੀਂ ਲਈ। ਪਿੰਡ ਵਾਸੀਆਂ ਦੀ ਮੰਗ ਤੇ ਸੰਘਰਸ਼ ਦੀ ਚਿਤਾਵਨੀ ਪਿੰਡ ਵਾਸੀਆਂ ਨੇ ਸਖ਼ਤ ਲਹਿਜੇ ’ਚ ਮੰਗ ਕੀਤੀ ਹੈ ਕਿ ਕਲਾਲਾ ਲਿੰਕ ਰੋਡ ਤੇ ਬਣੇ ਇਸ ਸੀਚੇਵਾਲ ਮਾਡਲ ਛੱਪੜ ਦੇ ਪਾਣੀ ਨੂੰ ਤੁਰੰਤ ਪਾਈਪ ਲਾਈਨ ਪਾ ਕੇ ਨੇੜਲੀ ਡਰੇਨ ’ਚ ਸੁੱਟਿਆ ਜਾਵੇ, ਤਾਂ ਜੋ ਰੋਜ਼ਾਨਾ ਦੇ ਇਸ ਓਵਰਫਲੋ ਦੀ ਸਮੱਸਿਆ ਤੋਂ ਪੱਕਾ ਨਿਜ਼ਾਤ ਮਿਲ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਸਬੰਧੀ ਕੋਈ ਠੋਸ ਕਦਮ ਨਾ ਚੁੱਕਿਆ, ਤਾਂ ਉਹ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪ੍ਰਸ਼ਾਸਨ ਦੀ ਹੋਵੇਗੀ।