- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐੱਮ ਕੋਠੀ ਅੱਗੇ ਬੇਰੁਜਗਾਰਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਐਤਵਾਰ ਨੂੰ ਰੁਜ਼ਗਾਰ ਦੀ ਮੰਗ ਲੈ ਕੇ ਸੀਐੱਮ ਕੋਠੀ ਅੱਗੇ ਪੁੱਜੇ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਧੱਕਾ ਮੁੱਕੀ ਹੋ ਗਈ। ਇਸਤੋ ਪਹਿਲਾਂ ਬੇਰੁਜ਼ਗਾਰਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦਾ ਦਿਓ ਕੱਦ ਪੁਤਲਾ ਫੂਕਕੇ ਅਨੋਖਾ ਦੁਸਹਿਰਾ ਮਨਾਇਆ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ,ਹਰਜਿੰਦਰ ਝੁਨੀਰ ਅਤੇ ਗੁਰਪਿਆਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਗੇਟ ਅੱਗੇ ਪੱਕੇ ਮੋਰਚੇ ’ਤੇ ਇਕੱਠੇ ਹੋਏ ਅਤੇ ਸੀਐੱਮ ਕੋਠੀ ਵੱਲ ਮਾਰਚ ਸ਼ੁਰੂ ਕੀਤਾ। ਬੇਰੁਜ਼ਗਾਰਾਂ ਨੇ ਦਿਓ ਕੱਦ ਪੁਤਲਾ ਬਣਾਇਆ ਹੋਇਆ ਸੀ, ਜਿਸ ਉੱਪਰ ਮੁੱਖ ਭਗਵੰਤ ਮਾਨ, ਕੁਲਤਾਰ ਸੰਧਵਾਂ, ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਬਲਵੀਰ ਸਿੰਘ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਰਨਪ੍ਰੀਤ ਸੌਦ, ਹਰਭਜਨ ਈਟੀਓ, ਹਰਦੀਪ ਮੁੰਡੀਆ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਕੁੱਲ 11 ਮਖੌਟੇ ਚਿਪਕਾਏ ਹੋਏ ਸਨ।
ਬੇਰੁਜ਼ਗਾਰਾਂ ਦਾ ਰੋਸ ਸੀ ਕਿ 2 ਅਕਤੂਬਰ ਨੂੰ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਦਿੱਤੀ ਮੀਟਿੰਗ ਨਹੀਂ ਹੋਈ। ਉਹਨਾਂ ਦੇ ਮੁੱਖ ਮਸਲੇ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਨੀ, ਉਮਰ ਹੱਦ ਛੋਟ ਦੇਣੀ, ਮਾਸਟਰ ਕੇਡਰ ਦੀਆਂ 15000 ਅਸਾਮੀਆਂ ਜਾਰੀ ਕਰਨਾ ਮੁੱਖ ਮੰਤਰੀ ਦੇ ਅਧਿਕਾਰ ਅਧੀਨ ਹੈ। ਇਸ ਲਈ ਉਹ ਵਾਰ-ਵਾਰ ਮੁੱਖ ਮੰਤਰੀ ਨਾਲ ਮੀਟਿੰਗ ਉੱਤੇ ਅੜਦੇ ਹੋਏ ਕੋਠੀ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਰਹੇ। ਆਖਰ ਲੰਬੀ ਜੱਦੋਜਹਿਦ ਮਗਰੋ ਬੇਰੁਜ਼ਗਾਰਾਂ ਦੀ ਮੀਟਿੰਗ ਸਕੱਤਰ ਨਾਲ 3 ਨਵੰਬਰ ਲਈ ਨਿਸ਼ਚਿਤ ਕਰਵਾਈ ਗਈ। ਧੱਕਾਮੁੱਕੀ ਦੌਰਾਨ ਇੱਕ ਲੜਕੀ ਬੇਹੋਸ਼ ਵੀ ਹੋਈ।
ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ। ਮਾਸਟਰ ਕੇਡਰ ਸਮੇਤ ਹੋਰਨਾਂ ਵਰਗਾਂ ਉੱਤੇ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ। ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ, ਸਿੱਖਿਆ ਵਿਭਾਗ ਵਿੱਚ ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ, ਕਰੋਨਾ ਵਲੰਟੀਅਰਾਂ ਨੂੰ ਬਿਨਾ ਸ਼ਰਤ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਰੈਗੂਲਰ ਭਰਤੀ ਕੀਤਾ ਜਾਵੇ, ਸਿੱਖਿਆ ਵਿਭਾਗ ਵਿੱਚ ਸਰੀਰਕ ਸਿੱਖਿਆ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ,ਪੰਜਾਬ ਦੇ ਸਕੂਲਾਂ ਵਿੱਚ ਬਣੀਆਂ ਲਾਇਬ੍ਰੇਰੀਆਂ ਵਿੱਚ ਮਨਜੂਰ 785 ਲਾਇਬ੍ਰੇਰੀਅਨ ਦੀਆਂ ਅਸਾਮੀਆਂ ਫੌਰੀ ਭਰੀਆਂ ਜਾਣ, ਮੁੜ ਬਹਾਲੀ ਕੱਚੇ ਅਧਿਆਪਕਾਂ ਅਤੇ ਸਪੈਸ਼ਲ ਐਜੂਕੇਟਰਾਂ ਦੀਆਂ ਮੰਗਾਂ ਮਨਜ਼ੂਰ ਹੋਣ ਅਤੇ ਲੈਕਚਰਾਰ ਦੇ ਰਹਿੰਦੇ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ।
ਇਸ ਮੌਕੇ ਲਾਇਬ੍ਰੇਰੀਅਨ ਫਰੰਟ ਦੇ ਰਾਜ ਸਿੰਘ ਭਦੌੜ, ਬੇਰੁਜ਼ਗਾਰ ਯੂਨਾਈਟਿਡ ਫਿਜੀਕਲ ਯੂਨੀਅਨ ਦੇ ਲਖਵੀਰ ਸਿੰਘ, ਲਖਵੀਰ ਸਿੰਘ ਖੁੱਡੀ ਕਲਾਂ, ਗੁਰਸ਼ਰਨ ਕੌਰ ਰਾਮਪੁਰਾ, ਸੁਪਿੰਦਰ ਬਰੇਟਾ, ਸੰਦੀਪ ਮੋਫ਼ਰ, ਮੰਗਤ ਰਾਮ ਬਠਿੰਡਾ, ਗੁਰਿੰਦਰ ਸਿੰਘ ਕੇਰਾ ਖੇੜਾ ਮੌਜੂਦ ਸਨ।