ਪ੍ਰਦਰਸ਼ਨ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਪ੍ਰਦਰਸ਼ਨ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ
Publish Date: Sat, 05 Sep 2026 04:54 PM (IST)
Updated Date: Sun, 06 Sep 2026 04:02 AM (IST)
ਐੱਸਐਸੱਪੀ ਦਫਤਰ ਦਾ ਕੀਤਾ ਘਿਰਾਓ, ਬੈਰੀਕੈਡਿੰਗ ਤੋੜਕੇ ਅੱਗੇ ਵਧੇ ਕਿਸਾਨ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਡੀਸੀ ਦਫਤਰ ਲਾਏ ਪੱਕੇ ਮੋਰਚੇ ਦੇ ਸੱਤਵੇਂ ਦਿਨ ਕਿਸਾਨਾਂ ਨੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਬੈਰੀਕੈਡਿੰਗ ਕੀਤੀ ਗਈ। ਜਦੋ ਕਿਸਾਨ ਅੱਗੇ ਵਧਣ ਲੱਗੇ ਤਾਂ ਪੁਲਿਸ ਨਾਲ ਉਨ੍ਹਾਂ ਦੀ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਕਿਸਾਨ ਬੈਰੀਕੈਡਿੰਗ ਤੋੜਨ ਵਿੱਚ ਸਫਲ ਰਹੇ ਅਤੇ ਪੁਲਿਸ ਲਾਈਨ ਦੇ ਗੇਟ ਤੱਕ ਪੁੱਜ ਗਏ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਲਗਾਤਾਰ ਕਈ ਦਿਨਾਂ ਤੋਂ ਚੱਲ ਰਹੇ ਮੋਰਚੇ ਦੌਰਾਨ ਕੰਨ ਤੇ ਜੂੰ ਨਹੀਂ ਸਰਕੀ। ਕਿਸਾਨ ਆਗੂਆਂ ਤੇ ਪਿੰਡਾਂ ਦੇ ਵਿੱਚ ਕਿਸਾਨਾਂ ਉੱਪਰ ਪਰਾਲੀ ਨੂੰ ਅੱਗ ਲਾਉਣ ਦੇ ਸਬੰਧ ਵਿੱਚ ਪਰਚੇ ਕੀਤੇ ਹੋਏ ਹਨ, ਉਨ੍ਹਾਂ ਪਰਚਿਆਂ ਨੂੰ ਰੱਦ ਕਰਵਾਉਣ ਦੇ ਸਬੰਧੀ ਐੱਸਐੱਸਪੀ ਦਫ਼ਤਰ ਸੰਗਰੂਰ ਦੇ ਅੱਗੇ ਧਰਨਾ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਨੇ ਕਿਹਾ ਕਿ ਦੇਸ਼ ਦੇ ਹਾਕਮ ਸਾਮਰਾਜ ਮੁਲਕਾਂ ਦੇ ਦਬਾਅ ਤਹਿਤ ਉਹਨਾਂ ਦੀਆਂ ਨੀਤੀਆਂ ਲਾਗੂ ਕਰਕੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ, (ਸਿਹਤ ਸਿੱਖਿਆ,ਰੇਲਵੇ ਤੇ ਹੋਰ ਆਵਾਜਾਈ ਦੇ ਅਦਾਰੇ )ਆਦਿ ਜਨਤਕ ਅਦਾਰਿਆਂ ਸਮੇਤ ਦੇਸ਼ ਦੇ ਮਾਲ ਖ਼ਜ਼ਾਨੇ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਨਿੱਤ ਨਵੇਂ ਕਾਨੂੰਨ ਘੜ ਰਹੀਆਂ ਹਨ ਅਤੇ ਇਨ੍ਹਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਦੇਸ਼ ਦੇ ਲੋਕਾਂ ਤੇ ਜਬਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਵਾਰਤਾ ਰੱਦ ਕੀਤਾ ਜਾਵੇ, ਸਭਨਾਂ ਸਾਮਰਾਜੀ ਮੁਲਕਾਂ ਨਾਲ ਕੀਤੇ ਹੋਏ ਮੁਕਤ ਵਪਾਰ ਸਮਝੌਤੇ ਰੱਦ ਕੀਤੀ ਜਾਵੇ, ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਦੀ ਵਿਉਂਤ ਰੱਦ ਕੀਤੀ ਜਾਵੇ, ਸੰਘਰਸ਼ਾਂ ਦੌਰਾਨ ਕਿਸਾਨ ਆਗੂਆਂ/ਵਰਕਰਾਂ ਤੇ ਪਾਏ ਸਾਰੇ ਝੂਠੇ ਕੇਸ ਅਤੇ ਪਰਾਲੀ ਸਾੜਨ ਦੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਜਸਵੰਤ ਸਿੰਘ ਤੋਲਾਵਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਭਗਵਾਨ ਮੂਨਕ, ਬਲਵੀਰ ਚੰਦ ਲੌਂਗੋਵਾਲ, ਜੂਝਾਰ ਸਿੰਘ ਲੌਂਗੋਵਾਲ, ਬੰਟੀ ਢੀਂਡਸਾ, ਬਹਾਦਰ ਸਿੰਘ ਭੁਟਾਲ, ਹਰਜੀਤ ਸਿੰਘ ਮਹਿਲਾ, ਬਲਵਿੰਦਰ ਸਿੰਘ ਘਨੌੜ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਚਮਕੌਰ ਸਿੰਘ ਲੱਡੀ, ਜਰਨੈਲ ਸਿੰਘ ਸੁਲਤਾਨਪੁਰ, ਦਰਸ਼ਨ ਸਿੰਘ ਕਿਲਾ ਹਕੀਮਾਂ, ਜਸਵੀਰ ਕੌਰ ਉਗਰਾਹਾਂ,ਮਨਜੀਤ ਕੌਰ ਤੋਲਾਵਾਲ, ਹਰਪ੍ਰੀਤ ਕੌਰ ਮੌਜੂਦ ਸਨ।