- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ’ਚ ਗੰਦਗੀ ਕਾਰਨ ਜ਼ਿੰਦਗੀ ਬਣੀ ਨਰਕ

- ਬਿਮਾਰੀ ਫੈਲਣ ਦਾ ਡਰ, ਕੂੜੇ ਦੇ ਢੇਰਾਂ ’ਚੋਂ ਆਉਣ ਲੱਗੀ ਬਦਬੂ
ਜਸਵੀਰ ਸਿੰਘ ਫਰਵਾਲੀ, ਪੰਜਾਬੀ ਜਾਗਰਣ
ਅਹਿਮਦਗੜ੍ਹ : ਸਫ਼ਾਈ ਕਰਮਚਾਰੀਆਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਅਹਿਮਦਗੜ੍ਹ ਮੰਡੀ ਅੰਦਰ ਸਫ਼ਾਈ ਕਰਮਚਾਰੀਆਂ ਦੀ ਚੱਲਦੀ ਹੜਤਾਲ ਦੇ ਮੱਦੇਨਜ਼ਰ ਸ਼ਹਿਰ ਅੰਦਰ ਗੰਦਗੀ ਦੇ ਅੰਬਾਰ ਲੱਗ ਚੁੱਕੇ ਹਨ। ਹਰ ਦਿਨ ਆਏ ਮੀਂਹ ਕਾਰਨ ਕੂੜਾ ਕਰਕਟ ਗਲੀਆਂ-ਨਾਲੀਆਂ ਵਿੱਚ ਫਸਣ ਨਾਲ ਹੁਣ ਗੰਦਗੀ ਦੇ ਢੇਰ ਸੜਕਾਂ ’ਤੇ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਹੀ ਗੰਦਗੀ ਨਜ਼ਰ ਆ ਰਹੀ ਹੈ। ਜਿੱਥੇ ਸ਼ਹਿਰ ਵਾਸੀਆਂ ਦਾ ਜਿਊਣਾ ਦੁੱਭਰ ਹੋ ਗਿਆ ਹੈ ਉੱਥੇ ਸਕੂਲੀ ਬੱਚੇ, ਬਜ਼ੁਰਗ ਤੋਂ ਇਲਾਵਾ ਪੈਦਲ ਲੰਘਣਾਂ ਅਤੇ ਵਾਹਨਾਂ ਤੇ ਲੰਘਣਾਂ ਵੀ ਮੁਸ਼ਕਿਲ ਹੋਇਆ ਪਿਆ ਹੈ। ਸਿਟੀ ਥਾਣਾ ਰੋਡ, ਨੇੜੇ ਗਾਂਧੀ ਸਕੂਲ, ਪੁਰਾਣੀਆਂ ਕਚਹਿਰੀਆਂ , ਭਗਤ ਸਿੰਘ ਚੋਂਕ, ਰੇਲਵੇ ਰੋਡ ਤੋਂ ਇਲਾਵਾ ਐੱਚਡੀਐੱਫਸੀ ਬੈਂਕ ਨੇੜੇ ਕਈ ਹੋਰ ਥਾਵਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਵਿੱਚੋਂ ਬਦਬੂ ਆ ਰਹੀ ਹੈ। ਸ਼ਹਿਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦਗੀ ਕਾਰਨ ਸਾਡੀਆਂ ਦੁਕਾਨਾਂ ਤੋਂ ਖਰੀਦਦਾਰੀ ਕਰਨ ਵਾਲੇ ਗਾਹਕ ਘਟ ਗਏ ਹਨ, ਜਿਸ ਨਾਲ ਮਾਰਕੀਟ ਤੇ ਵੀ ਬਹੁਤ ਮਾੜਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾ ਕੇ ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰਾਂ ਨੂੰ ਚੁਕਾਇਆ ਜਾਵੇ ਤਾਂ ਜ਼ੋ ਲੋਕਾਂ ਨੂੰ ਗੰਦਗੀ ਤੋਂ ਫ਼ੈਲਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ। ਨਗਰ ਕੌਂਸਲ ਅਹਿਮਦਗੜ੍ਹ ਵਿਖੇ ਹੜਤਾਲ ਬੈਠੇ ਸਫ਼ਾਈ ਕਰਮਚਾਰੀਆਂ ਨੇ ਆਪਣੀ ਮੰਗਾਂ ਨੂੰ ਲੈ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਸੰਦੀਪ ਕੁਮਾਰ ਭੱਟੀ ਨੇ ਕਿਹਾ ਕਿ ਸਫ਼ਾਈ ਸੇਵਕਾਂ ਯੂਨੀਅਨ ਵੱਲੋਂ ਪੱਕੀ ਨੌਕਰੀ ਲਈ ਹੜਤਾਲਾਂ ਕੀਤੀਆਂ ਗਈਆਂ ਹਨ। ਸਰਕਾਰ ਦੇ ਨੁਮਾਇੰਦਿਆਂ ਵੱਲੋਂ ਦਸ ਹਜ਼ਾਰ ਰੁਪਏ ਵਧਾ ਕੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਹੜਤਾਲ ਅਜੇ ਜਾਰੀ ਹੈ। ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਨੂੰ ਬੇਰਿਹਮੀ ਨਾਲ ਕੁੱਟਿਆ ਗਿਆ। ਜਿਨ੍ਹਾਂ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਚਿਰ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਚੇਅਰਮੈਨ ਪਵਨ ਕੁਮਾਰ, ਵਾਈਸ ਪ੍ਰਧਾਨ ਰਜਿੰਦਰ ਕੁਮਾਰ, ਸੈਕਟਰੀ ਰੂਪ ਲਾਲ, ਕੈਸ਼ੀਅਰ ਕੁਲਦੀਪ ਕੁਮਾਰ, ਧਰਮਪਾਲ, ਰੂਪ ਚੰਦ, ਰੰਜੇ ਕੁਮਾਰ, ਰਾਜੂ ਭੱਟੀ ਆਦਿ ਹਾਜ਼ਰ ਸਨ।