- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਰਮਿਕ ਆਸਥਾ ’ਚ ਰੰਗੇ ਸਕੂਲੀ ਵਿਦਿਆਰਥੀ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ :ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ' ਵਿਖੇ ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਮਹਾ-ਉਤਸਵ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦਾ ਮੁੱਖ ਮਕਸਦ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ, ਧਾਰਮਿਕ ਇਤਿਹਾਸ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਸੀ। ਸਕੂਲ ਪਰਿਸਰ ਨੂੰ ਫੁੱਲਾਂ, ਰੰਗ-ਬਿਰੰਗੇ ਗੁਬਾਰਿਆਂ ਅਤੇ ਝੰਡੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਛੋਟੇ-ਛੋਟੇ ਬੱਚੇ ਸ਼੍ਰੀ ਕ੍ਰਿਸ਼ਨ, ਰਾਧਾ ਜੀ, ਸੁਦਾਮਾ ਅਤੇ ਹੋਰ ਧਾਰਮਿਕ ਸਰੂਪਾਂ ਦੀਆਂ ਪੁਸ਼ਾਕਾਂ ਪਹਿਨ ਕੇ ਆਏ। ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਬੱਚਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੇ ਪਰਮ ਮਿੱਤਰ ਸੁਦਾਮਾ ਜੀ ਦੀ ਅਟੁੱਟ ਦੋਸਤੀ, ਨਿਮਰਤਾ ਅਤੇ ਪ੍ਰੇਮ ਨੂੰ ਦਰਸਾਉਂਦੀ ਇੱਕ ਬਹੁਤ ਹੀ ਭਾਵਪੂਰਨ ਝਾਕੀ ਪੇਸ਼ ਕੀਤੀ।
ਲਕਸ਼ਮੀ-ਨਰਾਇਣ ਜੀ ਦੀ ਝਾਕੀ ਰਾਹੀਂ ਸ਼੍ਰੀ ਹਰੀ ਨਰਾਇਣ ਅਤੇ ਮਾਤਾ ਲਕਸ਼ਮੀ ਜੀ ਦੇ ਅਲੌਕਿਕ ਸਰੂਪ ਦੀ ਸੁੰਦਰ ਝਲਕ ਦਿਖਾਈ ਗਈ, ਜੋ ਸਮਾਗਮ ਦਾ ਮੁੱਖ ਕੇਂਦਰ ਰਹੀ। ਛੋਟੇ ਬੱਚਿਆਂ ਨੇ ਮੱਖਣ ਚੋਰੀ ਅਤੇ ਰਾਸ ਲੀਲਾ ਦੀਆਂ ਝਾਕੀਆਂ ਰਾਹੀਂ ਸਭ ਦਾ ਮਨ ਮੋਹ ਲਿਆ। ਝਾਕੀਆਂ ਤੋਂ ਇਲਾਵਾ ਸਕੂਲੀ ਬੱਚਿਆਂ ਨੇ ਭਜਨ-ਕੀਰਤਨ, ਧਾਰਮਿਕ ਨ੍ਰਿਤ (ਡਾਂਸ) ਅਤੇ ਮਟਕੀ ਫੋੜ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਪੂਰਾ ਸਕੂਲ ‘ਜੈ ਸ਼੍ਰੀ ਕ੍ਰਿਸ਼ਨ’ ਅਤੇ ‘ਹਾਥੀ ਘੋੜਾ ਪਾਲਕੀ, ਜੈ ਕਨ੍ਹੱਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।