ਡ੍ਰੈਗਨ ਫਰੂਟ ਦੀ ਕਾਸ਼ਤ ਨਾਲ ਚੋਖੀ ਕਮਾਈ ਕਰ ਰਿਹੈ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ ਡਰੈਗਨ ਫਰੂਟ ਦੀ ਕਾਸ਼ਤ ਨਾਲ ਚੋਖੀ ਕਮਾਈ ਕਰ ਰਿਹੈ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ
Publish Date: Sun, 12 Jul 2026 07:00 PM (IST)
Updated Date: Mon, 13 Jul 2026 04:04 AM (IST)
* 4 ਏਕੜ ’ਚ ਕਰਦੈ ਡ੍ਰੈਗਨ ਦੀ ਕਾਸ਼ਤ, ਇਕ ਏਕੜ ’ਚ ਸ਼ੇਡ ਨੈੱਟ ਹਾਊਸ ਦਾ ਸਫਲ ਤਜਰਬਾ * ਪਾਣੀ ਦੀ ਬੱਚਤ ਨਾਲ ਕਮਾ ਰਿਹੈ 12 ਲੱਖ ਰੁਪਏ ਸਾਲਾਨਾ ਆਮਦਨ ਕੈਪਸ਼ਨ : ਡ੍ਰੈਗਨ ਫਰੂਟ ਦੀ ਕਾਸ਼ਤ ਸਬੰਧੀ ਜਾਣਕਾਰੀ ਦੇਣ ਸਮੇਂ ਕਿਸਾਨ ਸਤਨਾਮ ਸਿੰਘ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪਿੰਡ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ ਜਿੱਥੇ ਡ੍ਰੈਗਨ ਫਰੂਟ ਦੀ ਕਾਸ਼ਤ ਨਾਲ ਚੌਖੀ ਕਮਾਈ ਕਰ ਰਿਹਾ ਹੈ, ਉਥੇ ਇਸ ਫ਼ਸਲ ਨੂੰ ਨਾਮਾਤਰ ਪਾਣੀ ਦੀ ਲੋੜ ਹੋਣ ਕਰ ਕੇ ਪਾਣੀ ਦੇ ਰਾਖੇ ਵਜੋਂ ਵੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਪਿੰਡ ਠੁੱਲੇਵਾਲ ਵਾਸੀ ਸਤਨਾਮ ਸਿੰਘ ਪੁੱਤਰ ਹਰਬੰਤ ਸਿੰਘ ਨੇ ਦੱਸਿਆ ਕਿ ਉਹ 4 ਏਕੜ ਰਕਬੇ ’ਚ ਡ੍ਰੈਗਨ ਦੀ ਕਾਸ਼ਤ ਕਰਦਾ ਹੈ। ਸਤਨਾਮ ਸਿੰਘ ਨੇ ਡ੍ਰੈਗਨ ਫਰੂਟ ਦੀ ਕਾਸ਼ਤ ਸਾਲ 2016 ’ਚ ਗੁਜਰਾਤ ਦੇ ਕਿਸਾਨਾਂ ਤੋਂ ਪ੍ਰਭਾਵਿਤ ਹੋ ਕੇ 2 ਕਨਾਲ ਰਕਬੇ ’ਚ ਸ਼ੁਰੂ ਕੀਤੀ ਸੀ। ਉਸ ਨੇ ਤਿੰਨ ਏਕੜ ਰਕਬੇ ’ਚ ਖੁੱਲ੍ਹੇ ’ਚ ਪੋਲ ਲਗਾ ਕੇ ਡ੍ਰੈਗਨ ਫਰੂਟ ਲਗਾਏ ਹੋਏ ਹਨ, ਜਦਕਿ ਇਕ ਏਕੜ ’ਚ ਕਰੀਬ ਢਾਈ ਸਾਲ ਪਹਿਲਾਂ ਸ਼ੇਡ ਨੈੱਟ ਹਾਊਸ ਹੇਠ ਡ੍ਰੈਗਨ ਦੀ ਕਾਸ਼ਤ ਸ਼ੁਰੂ ਕੀਤਾ ਤਾਂ ਜੋ ਫ਼ਸਲ ਨੂੰ ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ ਤੋਂ ਬਚਾਇਆ ਜਾ ਸਕੇ। ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਸ਼ੇਡ ਨੈੱਟ ਹਾਊਸ ’ਚ ਡ੍ਰੈਗਨ ਦਾ ਤਜਰਬਾ ਕਰਨ ਵਾਲੇ ਜ਼ਿਲ੍ਹੇ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਦਾ ਇਹ ਤਜਰਬਾ ਬੜਾ ਹੀ ਸਫਲ ਰਿਹਾ। ਸ਼ੇਡ ਨੈੱਟ ਹਾਊਸ ’ਚ ਡਰੈਗਨ ਦੀ ਫ਼ਸਲ ਦਾ ਝਾੜ ਵਧੀਆ ਮਿਲਦਾ ਹੈ ਅਤੇ ਫਲ ਦਾ ਆਕਾਰ ਵੱਡਾ ਹੁੰਦਾ ਹੈ। ਉਸ ਨੇ ਆਖਿਆ ਕਿ ਇਕ ਏਕੜ ਰਕਬੇ ’ਚ ਇਕ ਸੀਜ਼ਨ ਦੌਰਾਨ ਡ੍ਰੈਗਨ ਫਰੂਟ ਦਾ ਲਗਪਗ 40 ਕੁਇੰਟਨ ਉਤਪਾਦਨ ਹੁੰਦਾ ਹੈ, ਜਦਕਿ ਸ਼ੇਡ ਨੈੱਟ ਹਾਊਸ ’ਚ ਝਾੜ ਇਸ ਤੋਂ ਜ਼ਿਆਦਾ ਹੁੰਦਾ ਹੈ। ਡ੍ਰੈਗਨ ਮੰਡੀ ’ਚ 150 ਤੋਂ 250 ਰੁਪਏ ਕਿੱਲੋ ਵਿਕਦਾ ਹੈ ਤੇ ਉਹ 4 ਏਕੜ ਵਿਚੋਂ ਖਰਚੇ ਕੱਢ ਕੇ ਕਰੀਬ 12 ਲੱਖ ਰੁਪਏ ਸਾਲਾਨਾ ਕਮਾਈ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ 2 ਸਾਲ ਦੀ ਉਮਰ ’ਚ ਇਹ ਫ਼ਸਲ ਪੂਰਾ ਝਾੜ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ ਜੁਲਾਈ ਤੋਂ ਨਵੰਬਰ ਤਕ ਤੁੜਾਈ ਚੱਲਦੀ ਹੈ। ਇਸ ਦਾ ਮੁਨਾਫ਼ਾ ਕਣਕ-ਝੋਨੇ ਨਾਲੋਂ ਕਈ ਗੁਣਾ ਵੱਧ ਹੁੰਦਾ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਫਾਰਮ ’ਤੇ ਅਮਰੀਕਨ ਬਿਊਟੀ ਕਿਸਮ ਦੀ ਕਾਸ਼ਤ ਕਰ ਰਹੇ ਹਨ ਤੇ ਆਪਣੀ ਫਸਲ ਮਾਨਸਾ, ਬਠਿੰਡਾ, ਲੁਧਿਆਣਾ, ਚੰਡੀਗੜ੍ਹ ਸਮੇਤ ਹੋਰ ਜ਼ਿਲ੍ਹਿਆਂ ’ਚ 10-10 ਕਿੱਲੋ ਦੀ ਪੈਕਿੰਗ ਹੇਠ ‘ਡਰੈਗਨ ਫਾਰਮ ਠੁੱਲੇਵਾਲ’ ਨਾਮ ਹੇਠ ਵੇਚਦੇ ਹਨ। ਇਹ ਇਸ ਖਿੱਤੇ ’ਚ ਪਾਣੀ ਦਾ ਪੱਧਰ ਕਾਫੀ ਹੇਠਾਂ ਹੋਣ ਕਰ ਕੇ ਉਨ੍ਹਾਂ ਇਹ ਫ਼ਸਲ ਦਾ ਤਜਰਬਾ ਕਰਨ ਦਾ ਸੋਚਿਆ ਸੀ, ਕਿਉੰਕਿ ਡ੍ਰੈਗਨ ਫਰੂਟ ਨੂੰ ਝੋਨੇ ਦੇ ਮੁਕਾਬਲੇ ਮਾਮੂਲੀ ਪਾਣੀ ਦੀ ਲੋੜ ਪੈਂਦੀ ਹੈ। ਉਹ ਸਾਲ ’ਚ ਸਿਰਫ 4 ਵਾਰ ਫਸਲ ਨੂੰ ਪਾਣੀ ਦਿੰਦੇ ਹਨ, ਉਹ ਵੀ ਤੁਪਕਾ ਸਿੰਚਾਈ ਵਿਧੀ ਨਾਲ। ਕਿਸਮ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਫਸਲ ਦੇ ਖਰਚੇ ਬਹੁਤ ਘੱਟ ਹਨ, ਕਿਉੰਕਿ ਨਾ ਹੀ ਬਹੁਤੇ ਪਾਣੀ ਦੀ ਲੋੜ ਹੁੰਦੀ ਹੈ ਤੇ ਨਾ ਹੀ ਕੀਟਨਾਸ਼ਕ ਆਦਿ ਦੀ। ਉਹ ਆਪਣੇ ਘਰ ’ਚ ਲੱਗੇ ਗੋਬਰ ਬਾਇਓਗੈਸ ਪਲਾਂਟ ਦੀ ਰਹਿੰਦ ਖੂੰਹਦ ਦਾ ਛਿੜਕਾਅ ਖਾਦ ਵਜੋਂ ਕਰਦੇ ਹਨ, ਜੋਕਿ ਜੈਵਿਕ ਤੇ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਪਕਾ ਸਿੰਜਾਈ ਸਿਸਟਮ ਲਈ ਭੂਮੀ ਰੱਖਿਆ ਵਿਭਾਗ ਬਰਨਾਲਾ ਰਾਹੀਂ 80 ਫੀਸਦੀ ਸਬਸਿਡੀ ਲਈ ਸੀ ਅਤੇ ਸ਼ੇਡ ਨੈੱਟ ਹਾਊਸ ਤੇ ਬਾਗਬਾਨੀ ਵਿਭਾਗ ਬਰਨਾਲਾ ਤੋਂ 50 ਫੀਸਦੀ ਸਬਸਿਡੀ ਲਈ, ਜਿਸ ’ਚ ਉਸ ਨੂੰ ਕਰੀਬ 14 ਲੱਖ ਰੁਪਏ ਸਬਸਿਡੀ ਪ੍ਰਾਪਤ ਹੋਈ। ਉਸ ਨੇ ਸ਼ੇਡ ਨੈੱਟ ਹਾਊਸ ’ਚ ਖੀਰੇ ਦੀ ਫਸਲ ਨਾਲ ਸ਼ੁਰੂਆਤ ਕੀਤੀ ਸੀ, ਜਿਸ ’ਤੇ ਵੀ ਉਸ ਨੂੰ ਸਬਸਿਡੀ ਪ੍ਰਾਪਤ ਹੋਈ ਸੀ। ਇਸ ਤੋਂ ਇਲਾਵਾ ਉਹ ਸਾਲ ਭਰ ਡ੍ਰੈਗਨ ਫ਼ਰੂਟ ਦੀ ਪਨੀਰੀ ਵੀ ਤਿਆਰ ਕਰ ਕੇ ਵੇਚਦੇ ਹਨ, ਜਿਸ ਤੋਂ ਉਨ੍ਹਾਂ ਨੂੰ ਵਧੀਆ ਆਮਦਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਕ ਬੂਟਾ ਕਰੀਬ 50 ਤੋਂ 60 ਰੁਪਏ ਤੱਕ ਵਿਕਦਾ ਹੈ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਹਿਮਾਚਲ, ਰਾਜਸਥਾਨ, ਯੂਪੀ ’ਚ ਵੀ ਉਨ੍ਹਾਂ ਦੇ ਬੂਟੇ ਜਾਂਦੇ ਹਨ। ਸਤਨਾਮ ਸਿੰਘ ਨੇ ਦੱਸਿਆ ਕਿ ਡ੍ਰੈਗਨ ਦੀ ਖੇਤੀ ਇਕ ਵਾਰ ਲਗਾਉਣ ਵਾਲੀ ਫ਼ਸਲ ਹੈ ਤੇ ਪੌਦਿਆਂ ਦੇ ਦਰਮਿਆਨ ਲਗਪਗ ਅੱਧਾ ਕਿੱਲਾ ਖਾਲੀ ਰਹਿੰਦਾ ਹੈ ਜਿਸ ’ਚ ਉਹ ਸਬਜ਼ੀਆਂ, ਹਲਦੀ ਆਦਿ ਦੀ ਇੰਟਰ ਕਰਾਪਿੰਗ ਕਰਦੇ ਹਨ, ਜਿਸ ਨਾਲ ਵਾਧੂ ਮੁਨਾਫ਼ਾ ਮਿਲਦਾ ਹੈ। ਡਰੈਗਨ ਲਗਾਉਣ ਨਾਲ ਉਨ੍ਹਾਂ ਨੂੰ ਕਣਕ ਝੋਨੇ ਦੇ ਫ਼ਸਲ ਚੱਕਰ ਤੋਂ ਛੁਟਕਾਰਾ ਮਿਲਿਆ ਹੈ ਅਤੇ ਪਾਣੀ ਦੀ ਖ਼ਪਤ ਘਟੀ ਤੇ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਆਇਆ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਬਰਨਾਲਾ ਮਲਕੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਫਲਦਾਰ ਬੂਟਿਆਂ ਦੇ ਨਵੇਂ ਬਾਗਾਂ ਉੱਤੇ 50 ਫੀਸਦੀ ਸਬਸਿਡੀ ਅਤੇ ਸ਼ੇਡ ਨੈੱਟ ਹਾਊਸ ਉੱਤੇ ਵੀ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਸਤਨਾਮ ਸਿੰਘ ਜ਼ਿਲ੍ਹੇ ਦੇ ਕਿਸਾਨਾਂ ਲਈ ਬਣਿਆ ਮਿਸਾਲ : ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਕਿਸਾਨ ਸਤਨਾਮ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਠੁੱਲੇਵਾਲ ਦਾ ਕਿਸਾਨ ਡ੍ਰੈਗਨ ਫਰੂਟ ਦੀ ਖੇਤੀ ਨਾਲ ਜਿੱਥੇ ਵਧੀਆ ਕਮਾਈ ਕਰ ਰਿਹਾ ਹੈ, ਉਥੇ ਫ਼ਸਲੀ ਵਿਭਿੰਨਤਾ ਤੇ ਪਾਣੀ ਦੀ ਬੱਚਤ ’ਚ ਭਰਪੂਰ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਤਨਾਮ ਸਿੰਘ ਜ਼ਿਲ੍ਹੇ ਦੇ ਕਿਸਾਨਾਂ ਲਈ ਮਿਸਾਲ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਡ੍ਰੈਗਨ ਜਾਂ ਹੋਰ ਫਲਾਂ (ਬਾਗਾਂ) ਦੀ ਕਾਸ਼ਤ ਸ਼ੁਰੂ ਕਰਨਾ ਚਾਹੁੰਦੇ ਹਨ, ਸਰਕਾਰ ਉਨ੍ਹਾਂ ਨੂੰ ਸਬਸਿਡੀ ਦਿੰਦੀ ਹੈ। ਇਸ ਤੋਂ ਇਲਾਵਾ ਤੁਪਕਾ ਸਿੰਚਾਈ ਸਿਸਟਮ ’ਤੇ ਵੀ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਦਾ ਕਿਸਾਨ ਫਾਇਦਾ ਲੈ ਸਕਦੇ ਹਨ।