ਨਕਟੇ ਆਂਗਣਵਾੜੀ ਮਾਮਲੇ ’ਤੇ ਸਰਪੰਚ ਨੇ ਖੰਨਾ ਨੂੰ ਦਿੱਤਾ ਜਵਾਬ ਨਕਟੇ ਆਂਗਣਵਾੜੀ ਮਾਮਲੇ ’ਤੇ ਸਰਪੰਚ ਨੇ ਖੰਨਾ ਨੂੰ ਦਿੱਤਾ ਜਵਾਬ
Publish Date: Tue, 01 Sep 2026 04:33 PM (IST)
Updated Date: Wed, 02 Sep 2026 04:01 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਵੱਲੋਂ ਬੀਤੇ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਪਿੰਡ ਨਕਟੇ ਦੇ ਆਂਗਣਵਾੜੀ ਸੈਂਟਰ ਦੀ ਇਮਾਰਤ ਦੀ ਖ਼ਸਤਾ ਹਾਲਤ ਅਤੇ ਪਾਣੀ ਦੇ ਮਾੜੇ ਨਿਕਾਸ ਪ੍ਰਬੰਧ ਸਬੰਧੀ ਲਾਏ ਦੋਸ਼ਾਂ ਦਾ ਪਿੰਡ ਨਕਟੇ ਦੇ ਸਰਪੰਚ ਜਗਦੀਪ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਵਿਕਰਮ ਸਿੰਘ ਨਕਟੇ ਨੇ ਪ੍ਰੈੱਸ ਕਾਨਫਰੰਸ ਕਰਕੇ ਜਵਾਬ ਦਿੱਤਾ। ਉਨ੍ਹਾਂ ਉਕਤ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਅਰਵਿੰਦ ਖੰਨਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਪੁਰਾਣੀ ਇਮਾਰਤ ਦੀ ਹੈ, ਜਦਕਿ ਮੌਜੂਦਾ ਸਮੇਂ ਆਂਗਨਵਾੜੀ ਸੈਂਟਰ ਲਈ ਨਵੀਂ ਇਮਾਰਤ ਤਿਆਰ ਹੋ ਚੁੱਕੀ ਹੈ। ਸਰਪੰਚ ਜਗਦੀਪ ਸਿੰਘ ਅਤੇ ਵਿਕਰਮ ਸਿੰਘ ਨੇ ਦੱਸਿਆ ਕਿ ਪਿੰਡ ਨਕਟੇ ਵਿੱਚ ਪਿਛਲੇ ਕਰੀਬ 25 ਸਾਲਾਂ ਤੋਂ ਧਰਮਸ਼ਾਲਾ ਦੀ ਇਮਾਰਤ ਵਿੱਚ ਆਂਗਣਵਾੜੀ ਸੈਂਟਰ ਚੱਲ ਰਿਹਾ ਸੀ। ਕੁਝ ਸਾਲ ਪਹਿਲਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਚਾਇਤ ਵੱਲੋਂ ਸਰਕਾਰੀ ਸਕੂਲ ਵਿੱਚ ਇੱਕ ਕਮਰਾ ਬਣਾ ਕੇ ਆਂਗਨਵਾੜੀ ਸੈਂਟਰ ਲਈ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਭੇਜੀ ਗਈ ਗ੍ਰਾਂਟ ਨਾਲ ਆਂਗਨਵਾੜੀ ਸੈਂਟਰ ਦੀ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਬਣੀ ਆਂਗਨਵਾੜੀ ਸੈਂਟਰ ਦੀ ਇਮਾਰਤ ਜਲਦ ਹੀ ਚਾਲੂ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਬੱਚਿਆਂ ਨੂੰ ਹੋਰ ਬਿਹਤਰ ਸਹੂਲਤ ਮਿਲੇਗੀ। ਢਾਈ ਵਿੱਘੇ ਵਿੱਚ ਬਣਾਇਆ ਪਾਣੀ ਨਿਕਾਸ ਦਾ ਪ੍ਰਬੰਧ ਪਿੰਡ ਦੇ ਪਾਣੀ ਦੇ ਨਿਕਾਸ ਸਬੰਧੀ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਪੁਰਾਣੇ ਟੋਭੇ ਦੀ ਕਰੀਬ ਇੱਕ ਬਿੱਘਾ ਜਗ੍ਹਾ ਨੂੰ ਵਧਾ ਕੇ ਢਾਈ ਵਿੱਘੇ ਵਿੱਚ ਕੀਤਾ ਗਿਆ ਹੈ। ਇਸ ਨਾਲ ਪਿੰਡ ਦੇ ਪਾਣੀ ਦੇ ਨਿਕਾਸ ਲਈ ਪਹਿਲਾਂ ਨਾਲੋਂ ਬਿਹਤਰ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਸੀਵਰੇਜ ਸਿਸਟਮ ਮਿੱਟੀ ਅਤੇ ਹੋਰ ਸਾਮਾਨ ਭਰ ਜਾਣ ਕਾਰਨ ਬੰਦ ਹੋ ਗਿਆ ਸੀ। ਪੰਚਾਇਤ ਵੱਲੋਂ ਪਿਛਲੇ ਹਫ਼ਤੇ ਤੋਂ ਸੀਵਰੇਜ ਦੀ ਸਫ਼ਾਈ ਲਈ ਕਾਰੀਗਰ ਲਾ ਕੇ ਇਸ ਨੂੰ ਖੋਲ੍ਹਣ ਦਾ ਕੰਮ ਕਰਵਾਇਆ ਗਿਆ ਹੈ। ਖੰਨਾ ਸਾਬ ਝੂਠ ਦੀ ਰਾਜਨੀਤੀ ਤੋਂ ਗੁਰੇਜ਼ ਕਰੋ: ਵਿਕਰਮ ਨਕਟੇ ਸਰਪੰਚ ਜਗਦੀਪ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਵਿਕਰਮ ਸਿੰਘ ਨਕਟੇ ਨੇ ਅਰਵਿੰਦ ਖੰਨਾ ਨੂੰ ਕਿਹਾ ਕਿ ਉਹ ਰਾਜਨੀਤੀ ਕਰਨ ਪਰ ਪਿੰਡ ਦੇ ਵਿਕਾਸ ਕਾਰਜਾਂ ਸਬੰਧੀ ਪੁਰਾਣੀਆਂ ਵੀਡੀਓਜ਼ ਸਾਂਝੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧ ਆਪਣੀ ਥਾਂ ’ਤੇ ਹੈ, ਪਰ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਤੱਥਾਂ ਦੇ ਆਧਾਰ ’ਤੇ ਹੀ ਗੱਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਨਵੀਂ ਆਂਗਨਵਾੜੀ ਇਮਾਰਤ ਤਿਆਰ ਹੈ ਅਤੇ ਜਲਦ ਹੀ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ, ਜਦਕਿ ਸੀਵਰੇਜ ਦੀ ਸਫ਼ਾਈ ਦਾ ਕੰਮ ਵੀ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਵਿਕਰਮ ਨਕਟੇ ਹਲਕਾ ਸੰਗਠਨ ਇੰਚਾਰਜ ਸੰਗਰੂਰ, ਸਰਪੰਚ ਨਕਟੇ ਜਗਦੀਪ ਸਿੰਘ, ਮਨਿੰਦਰ ਫੁੱਮਣਵਾਲ ਬਲਾਕ ਪ੍ਰਧਾਨ, ਕੁਲਵਿੰਦਰ ਫੁੱਮਣਵਾਲ, ਜੱਸਾ ਭੜੋ, ਜਗਵਿੰਦਰ ਡੇਲੇਵਾਲ, ਨਿਰਭੈ ਫੁੱਮਣਵਾਲ ਬਲਾਕ ਸੰਮਤੀ ਮੈਂਬਰ, ਸੁਖਚੈਨ ਸਿੰਘ ਸਰਪੰਚ ਹਾਜ਼ਰ ਸਨ।