- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਪੰਚ ਗੁਰਮੀਤ ਸਿੰਘ ਨੇ ਕੀਤਾ ਮਾਲੇਰਕੋਟਲਾ ਤੋਂ ਚੋਣ ਲੜਨ ਦਾ ਐਲਾਨ

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਿੰਡ ਮਾਹਮਦਪੁਰ ਦੇ ਤੀਜੀ ਵਾਰ ਸਰਪੰਚ ਬਣੇ ਗੁਰਮੀਤ ਸਿੰਘ ਸੰਧੂ ਵੱਲੋਂ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਐਲਾਨ ਨੇ ਇਲਾਕੇ ਦੀ ਅਕਾਲੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਉਂਦੀ ਵਿਧਾਨ ਸਭਾ ਚੋਣ ਮਾਲੇਰਕੋਟਲਾ ਤੋਂ ਲੜਨ ਦਾ ਮਨ ਬਣਾ ਚੁੱਕੇ ਹਨ ਅਤੇ ਇਸ ਸਬੰਧੀ ਰਸਮੀ ਐਲਾਨ 11 ਅਕਤੂਬਰ ਨੂੰ ਕਰਨਗੇ।
ਸਰਪੰਚ ਗੁਰਮੀਤ ਸਿੰਘ ਅਨੁਸਾਰ 11 ਅਕਤੂਬਰ ਨੂੰ ਪਿੰਡ ਸ਼ੇਰਗੜ੍ਹ ਚੀਮਾ ਸਥਿਤ ਰਾਜ ਪੈਲੇਸ ਵਿਚ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਹੋਰ ਹਮਾਇਤੀ ਆਗੂਆਂ ਦੀ ਕਨਵੈਨਸ਼ਨ ਸੱਦੀ ਗਈ ਹੈ। ਇਸ ਮੌਕੇ ਉਹ ਆਪਣੇ ਚੋਣ ਲੜਨ ਦੇ ਫ਼ੈਸਲੇ ਨੂੰ ਰਸਮੀ ਤੌਰ ’ਤੇ ਲੋਕਾਂ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਚੋਣ ਮੈਦਾਨ ਵਿੱਚ ਉਤਰੇ ਹਨ, ਜਿੱਤ ਦੇ ਇਰਾਦੇ ਨਾਲ ਹੀ ਉਤਰੇ ਹਨ ਅਤੇ ਇਸ ਵਾਰ ਵੀ ਲੋਕਾਂ ਦੇ ਸਹਿਯੋਗ ਨਾਲ ਮਾਲੇਰਕੋਟਲਾ ਤੋਂ ਜਿੱਤ ਹਾਸਲ ਕਰਨ ਲਈ ਮੈਦਾਨ ਵਿੱਚ ਆਉਣਗੇ।
ਗੁਰਮੀਤ ਸਿੰਘ ਮਾਹਮਦਪੁਰ ਦਾ ਸਿਆਸੀ ਪਿਛੋਕੜ ਵੀ ਲੰਮਾ ਹੈ। ਉਹ ਕਿਸੇ ਸਮੇਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਨਜ਼ਦੀਕੀ ਆਗੂਆਂ ਵਿੱਚ ਗਿਣੇ ਜਾਂਦੇ ਸਨ। ਉਹ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ, ਕੌਮੀ ਜੁਆਇੰਟ ਸਕੱਤਰ, ਸਰਕਲ ਅਕਾਲੀ ਜਥਾ ਸ਼ੇਰਪੁਰ ਦੇ ਪ੍ਰਧਾਨ ਅਤੇ ਰੇਲਵੇ ਸਲਾਹਕਾਰ ਬੋਰਡ ਦੇ ਡਾਇਰੈਕਟਰ ਸਮੇਤ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਨੇ ਢੀਂਡਸਾ ਧੜੇ ਤੋਂ ਵੱਖ ਹੋ ਕੇ ਮੁੜ ਬਾਦਲ ਧੜੇ ਦਾ ਪੱਲਾ ਫੜਿਆ ਸੀ। ਉਸ ਸਮੇਂ ਅਕਾਲੀ ਦਲ ਵੱਲੋਂ ਉਨ੍ਹਾਂ ਦੀ ਵਾਪਸੀ ਨੂੰ ਮਾਲਵਾ ਖੇਤਰ ਵਿੱਚ ਢੀਂਡਸਾ ਧੜੇ ਲਈ ਵੱਡੇ ਝਟਕੇ ਵਜੋਂ ਪੇਸ਼ ਕੀਤਾ ਗਿਆ ਸੀ।
ਰੀਅਲ ਅਸਟੇਟ ਕਾਰੋਬਾਰ ਨਾਲ ਜੁੜੇ ਗੁਰਮੀਤ ਸਿੰਘ ਨੇ ਮਾਲੇਰਕੋਟਲਾ ਤੋਂ ਚੋਣ ਲੜਨ ਦੇ ਆਪਣੇ ਫ਼ੈਸਲੇ ਨੂੰ ਤਰਕਸੰਗਤ ਦੱਸਦਿਆਂ ਕਿਹਾ ਕਿ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਲੰਮੇ ਸਮੇਂ ਤੋਂ ਸ਼ਹਿਰੀ ਖੇਤਰ ਨਾਲ ਸਬੰਧਤ ਆਗੂ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਣ ਵਾਲੇ ਨੁਮਾਇੰਦੇ ਦੀ ਵੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਲ 1957 ਵਿੱਚ ਚੰਦਾ ਸਿੰਘ ਨੱਥੂਮਾਜਰਾ ਤੋਂ ਬਾਅਦ ਪੇਂਡੂ ਖੇਤਰ ਨਾਲ ਸਬੰਧਤ ਕੋਈ ਆਗੂ ਮਾਲੇਰਕੋਟਲਾ ਤੋਂ ਵਿਧਾਇਕ ਨਹੀਂ ਬਣਿਆ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਨਾਲ ਜੁੜੇ ਮਸਲੇ ਅਤੇ ਪੇਂਡੂ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਉਹ ਲੰਮੇ ਸਮੇਂ ਤੋਂ ਨੇੜਿਓਂ ਦੇਖਦੇ ਆ ਰਹੇ ਹਨ।
ਮਾਲੇਰਕੋਟਲਾ ਦੀ ਸਿਆਸਤ ਵਿੱਚ ਸਖ਼ਤ ਮੁਕਾਬਲੇ ਦੀ ਮਿਸਾਲ ਸਾਲ 2007 ਦੀ ਵਿਧਾਨ ਸਭਾ ਚੋਣ ਵੀ ਰਹੀ ਹੈ। ਉਸ ਚੋਣ ਵਿੱਚ ਅਕਾਲੀ ਦਲ ਦੇ ਜਥੇਦਾਰ ਅਜੀਤ ਸਿੰਘ, ਕਾਂਗਰਸ ਦੀ ਬੀਬੀ ਰਜ਼ੀਆ ਸੁਲਤਾਨਾ ਤੋਂ ਸਿਰਫ਼ 179 ਵੋਟਾਂ ਦੇ ਫ਼ਰਕ ਨਾਲ ਹਾਰੇ ਸਨ। ਹੁਣ ਗੁਰਮੀਤ ਸਿੰਘ ਮਾਹਮਦਪੁਰ ਦੇ ਸੰਭਾਵਿਤ ਚੋਣ ਮੈਦਾਨ ਵਿੱਚ ਆਉਣ ਨਾਲ ਸਿਆਸੀ ਧਿਰਾਂ ਵੱਲੋਂ ਉਸ ਦੌਰ ਦੇ ਮੁਕਾਬਲੇ ਨਾਲ ਨਵੀਆਂ ਤੁਲਨਾਵਾਂ ਕੀਤੀਆਂ ਜਾਣ ਲੱਗੀਆਂ।