- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਦੀ ਸੁੰਦਰਤਾ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ

- ਥਾਂ-ਥਾਂ ਕੂੜੇ ਦੇ ਢੇਰ, ਬਦਬੂ ਫੈਲ ਰਹੀ, ਬਿਮਾਰੀਆਂ ਫੈਲਣ ਦਾ ਭੈਅ
ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਸਫ਼ਾਈ ਸੇਵਕਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਕਾਰਨ ਸ਼ਹਿਰ ਦੇ ਹਰ ਹਿੱਸੇ ਵਿੱਚ ਲੱਗੇ ਗੰਦਗੀ ਦੇ ਢੇਰਾਂ ਨੇ ਸੰਗਰੂਰ ਦੀ ਸੁੰਦਰਤਾ ਨੂੰ ਗੰਦਗੀ ਦਾ ਗ੍ਰਹਿਣ ਲਾ ਦਿੱਤਾ ਹੈ। ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਇਸਦਾ ਵਿਰੋਧ ਕਰ ਕੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਅਤੇ ਨਗਰ ਕੌਂਸਲ ਇਸ ਪਾਸੇ ਕੋਈ ਗੰਭੀਰਤਾ ਨਹੀ ਦਿਖਾ ਰਹੀ। ਜਿਸ ਦਾ ਲੋਕਾਂ ਵਿੱਚ ਰੋਸ ਹੈ। ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਬਦਬੂ ਮਾਰਨ ਕਾਰਨ ਚਾਰੇ ਪਾਸੇ ਦਾ ਵਾਤਾਵਰਣ ਦੂਸ਼ਿਤ ਰਿਹਾ ਹੈ ਅਤੇ ਸ਼ਹਿਰ ਵਿੱਚ ਗੰਭੀਰ ਬਿਮਾਰੀਆਂ ਫੈਲਣ ਦਾ ਭੈਅ ਲੋਕਾਂ ਨੂੰ ਸਤਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚਲਦਿਆਂ ਸ਼ਹਿਰ ਦੇ ਪਟਿਆਲਾ ਗੇਟ, ਨਾਭਾ ਗੇਟ, ਰਣਬੀਰ ਕਲੱਬ ਗੇਟ, ਸਿਵਲ ਹਸਪਤਾਲ ਦੇ ਸਾਹਮਣੇ, ਸਟੇਡੀਅਮ ਰੋਡ, ਰਣਬੀਰ ਕਾਲਜ ਰੋਡ, ਨਾਭਾ ਗੇਟ ਤੋ ਇਲਾਵਾ ਹੋਨਾਂ ਹਿੱਸਿਆਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਪਿਛਲੇ ਦਿਨੀ ਹੋਈ ਬਾਰਿਸ਼ ਕਾਰਨ ਕੂੜਾ ਸੜਨ ਲੱਗਾ ਅਤੇ ਇਸ ਵਿੱਚੋ ਬਦਬੂ ਮਾਰਨ ਲੱਗੀ। ਰਣਬੀਰ ਕਲੱਬ ਦੇ ਸਬਜੀ ਮੰਡੀ ਵਾਲੇ ਪਾਸੇ ਦਾ ਗੇਟ ਤਾਂ ਕੂੜੇ ਦੇ ਢੇਰ ਕਾਰਨ ਬੰਦ ਹੀ ਹੋ ਗਿਆ ਸੀ, ਹਾਲਾਂਕਿ ਇਸਤੋ ਬਾਅਦ ਕੂੜੇ ਨੂੰ ਇੱੱਕ ਪਾਸੇ ਕਰਕੇ ਗੇਟ ਖੋਲਿਆ ਅਤੇ ਲੋਕਾਂ ਦੇ ਆਉਣ ਜਾਣ ਲਈ ਰਸਤਾ ਬਣਾਇਆ ਗਿਆ। ਰਣਬੀਰ ਕਲੱਬ ਦੇ ਨਾਲ ਸਬਜੀ ਮੰਡੀ, ਸਕੂਲ, ਇੱਕ ਪਾਰਕ ਸਥਿਤ ਹੈ। ਇੱਥੇ ਫੈਲੀ ਬਦਬੂ ਕਾਰਨ ਸਬਜੀ ਅਤੇ ਫਲ ਵੇਚਣ ਵਾਲਿਆਂ ਦਾ ਕੰਮ ਖਾਸਾ ਪ੍ਰਭਾਵਿਤ ਹੋ ਗਿਆ ਹੈ, ਕਿਉਕਿ ਬਦਬੂ ਅਤੇ ਮੱਖੀਆਂ ਕਾਰਨ ਲੋਕ ਉਨ੍ਹਾਂ ਤੋ ਸਮਾਨ ਖਰੀਦਣ ਵਿੱਚ ਗੁਰੇਜ ਕਰਦੇ ਹਨ। ਹਾਲਾਤ ਇਹ ਬਣ ਗਏ ਹਨ ਕਿ ਕੁਝ ਲੋਕਾਂ ਨੇ ਤਾਂ ਆਪਣਾ ਕੰਮ ਹੀ ਬੰਦ ਕਰ ਦਿੱਤਾ ਹੈ। ਸਬਜੀ ਵਿਕਰੇਤਾ ਸੋਹਣ ਲਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋ ਇਨ੍ਹਾਂ ਕੂੜੇ ਦੇ ਢੇਰਾਂ ਕਾਰਨ ਉਨ੍ਹਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਪਿਛਲੇ ਅੱਠ ਦਿਨਾਂ ਤੋ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਡਟੇ ਸਫਾਈ ਸੇਵਕਾਂ ਨੇ ਬੁੱਧਵਾਰ ਨੂੰ ਕਲੱਬ ਦਫਤਰ ਤੋ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਵਿਖਾਈ ਨਹੀ ਦੇ ਰਹੀ ਹੈ। ਪਰ ਸਫ਼ਾਈ ਸੇਵਕ ਹੜਤਾਲ ਉਦੋ ਹੀ ਖਤਮ ਕਰਨਗੇ, ਜਦੋਂ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 10 ਸਾਲ ਵਾਲੀ ਪਾਲਿਸੀ ਰੱਦ ਕੀਤੀ ਜਾਵੇ। ਇਸ ਮੌਕੇ ਅਜੈ ਬੇਦੀ, ਨਾਥਾ ਰਾਮ, ਊਸ਼ਾ ਦੇਵੀ, ਰਾਜੇਸ਼ ਕੁਮਾਰ, ਸੁਰੇਸ਼ ਕੁਮਾਰ, ਰਾਜੂ, ਕਰਨ, ਸੰਜੇ, ਪ੍ਰੈੱਸ ਸਕੱਤਰ ਅਮਿਤ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।