- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੂਰੀ ਸਦਰ ਥਾਣੇ ਅਧੀਨ ਪਿੰਡ ਕੱਕੜਵਾਲ ਦੇ ਨੌਜਵਾਨ ਚਮਕੌਰ ਸਿੰਘ ਦੀ ਥਾਣੇ ਵਿੱਚ ਅਚਾਨਕ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੇ ਥਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਰੂਰ : ਧੂਰੀ ਸਦਰ ਥਾਣੇ ਅਧੀਨ ਪਿੰਡ ਕੱਕੜਵਾਲ ਦੇ ਨੌਜਵਾਨ ਚਮਕੌਰ ਸਿੰਘ ਦੀ ਥਾਣੇ ਵਿੱਚ ਅਚਾਨਕ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੇ ਥਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਚਮਕੌਰ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਡਰਾਈਵਰ ਹੈ। ਕੁਝ ਦਿਨ ਪਹਿਲਾਂ ਉਹ ਇੱਕ ਫੈਕਟਰੀ ਤੋਂ ਸਾਮਾਨ ਲੈ ਕੇ ਲੁਧਿਆਣਾ ਗਿਆ ਸੀ। ਬਾਅਦ ਵਿੱਚ ਫੈਕਟਰੀ ਮਾਲਕਾਂ ਨੇ ਸਾਮਾਨ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਇਸੇ ਮਾਮਲੇ ਵਿੱਚ ਪੁਲਿਸ ਨੇ ਬੁੱਧਵਾਰ ਰਾਤ ਚਮਕੌਰ ਨੂੰ ਪੁੱਛਗਿੱਛ ਲਈ ਸਦਰ ਥਾਣਾ ਧੂਰੀ ਬੁਲਾਇਆ ਸੀ।
ਪਰਿਵਾਰ ਅਨੁਸਾਰ, ਥਾਣੇ ਵਿੱਚ ਹੀ ਚਮਕੌਰ ਨੇ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਪਹਿਲਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ। ਫਿਲਹਾਲ ਉਹ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ।
ਡੀਐਸਪੀ ਧੂਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਚਮਕੌਰ ਨੂੰ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ। ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਬਾਅਦ ਵਿੱਚ ਲੁਧਿਆਣਾ ਭੇਜ ਦਿੱਤਾ ਗਿਆ। ਨੌਜਵਾਨ ਦਾ ਇਲਾਜ ਜਾਰੀ ਹੈ।