
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਚਣ ਕਿ ਸੁਖਬੀਰ ਸਿੰਘ ਬਾਦਲ ’ਤੇ ਗੁਰੂ ਘਰ ਵਿਚ ਹਮਲੇ ਕਿਉਂ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਹਮਲੇ ਉਹਨਾਂ ਕਾਇਰਾਂ ਵੱਲੋਂ ਕੀਤੇ ਜਾ ਰਹੇ ਹਨ ਜੋ ਸਰਕਾਰਾਂ ਦੀਆਂ ਕਠਪੁਤਲੀਆਂ ਬਣ ਗਏ ਹਨ।

ਕਰਨਵੀਰ ਸਿੰਘ, ਪੰਜਾਬੀ ਜਾਗਰਣ, ਲੌਂਗੋਵਾਲ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾਉਣ ਦਾ ਕੰਮ ਹਮੇਸ਼ਾ ਲਈ ਬੰਦ ਹੋਵੇ ਅਤੇ ਉਨ੍ਹਾਂ ਭਰੋਸਾ ਦਵਾਇਆ ਕਿ ਸੂਬੇ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਲਿਆਉਣਾ, ਗੈਂਗਸਟਰ ਰਾਜ ਖ਼ਤਮ ਕਰਨਾ ਤੇ ਨਸ਼ਿਆਂ ਦਾ ਪਸਾਰ ਖਤਮ ਕਰਨਾ ਅਗਲੀ ਅਕਾਲੀ ਸਰਕਾਰ ਦੀ ਤਰਜੀਹ ਹੋਣਗੇ।
ਹਰਸਿਮਰਤ ਕੌਰ ਬਾਦਲ, ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 41ਵੇਂ ਸ਼ਹੀਦੀ ਦਿਹਾੜੇ ’ਤੇ ਪਾਰਟੀ ਦੀ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਵੰਡ ਪਾਊ ਤਾਕਤਾਂ ਤੋਂ ਸੂਬੇ ਦਾ ਖਹਿੜਾ ਛੁਡਾਉਣ ਜੋ ਸੂਬੇ ਨੂੰ ਲੁੱਟ ਰਹੀਆਂ ਹਨ ਅਤੇ ਪੇਪਰ ਲੀਕ ਕਰਕੇ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਰਹੀਆਂ ਹਨ ਤੇ ਜਿਹਨਾਂ ਨੇ ਹਰ ਪੰਜਾਬੀ ਸਿਰ 1.5 ਲੱਖ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਚਣ ਕਿ ਸੁਖਬੀਰ ਸਿੰਘ ਬਾਦਲ ’ਤੇ ਗੁਰੂ ਘਰ ਵਿਚ ਹਮਲੇ ਕਿਉਂ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਹਮਲੇ ਉਹਨਾਂ ਕਾਇਰਾਂ ਵੱਲੋਂ ਕੀਤੇ ਜਾ ਰਹੇ ਹਨ ਜੋ ਸਰਕਾਰਾਂ ਦੀਆਂ ਕਠਪੁਤਲੀਆਂ ਬਣ ਗਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦਾ ਮੁਦੱਈ ਰਿਹਾ ਹੈ ਅਤੇ ਇਹ ਗੱਲ ਵਿਰੋਧੀਆਂ ਨੂੰ ਪਸੰਦ ਨਹੀਂ ਆ ਰਹੀ ਜੋ ਹਾਸ਼ੀਏ ’ਤੇ ਜਾ ਚੁੱਕੇ ਲੋਕਾਂ ਨੂੰ ਉਤਸ਼ਾਹਿਤ ਕਰ ਕੇ ਪਾਰਟੀ ਨੂੰ ਦੋਫਾੜ ਕਰਨਾ ਚਾਹੁੰਦੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ 23 ਅਗਸਤ ਤੋਂ ਤਲਵੰਡੀ ਸਾਬੋ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਹੇਠ ਸ਼ੁਰੂ ਹੋ ਰਹੇ ਮੀਰੀ ਪੀਰੀ ਖਾਲਸਾ ਮਾਰਚ ਦੇ ਦੂਜੇ ਪੜਾਅ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਇਹ ਮਾਰਚ ਸ੍ਰੀ ਆਨੰਦਪੁਰ ਸਹਿਬ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਖਤਮ ਹੋਵੇਗਾ।
ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਨੇ ਕਿਵੇਂ ਪੁਨਰ ਸੁਰਜੀਤ ਦਲ ਦੀ ਮਦਦ ਕੀਤੀ ਤੇ ਆਖ਼ਰੀ ਮੌਕੇ ਅਨਾਜ ਮੰਡੀ ਦਾ ਸ਼ੈੱਡ ਉਹਨਾਂ ਨੂੰ ਅਲਾਟ ਕਰ ਦਿੱਤਾ ਹਾਲਾਂਕਿ ਅਕਾਲੀ ਦਲ ਨੇ ਇਸਦੀ ਪਹਿਲਾਂ ਬੁਕਿੰਗ ਕਰਵਾਈ ਸੀ ਤੇ ਇਸਦੀ ਫੀਸ ਵੀ ਜਮ੍ਹਾਂ ਕਰਵਾਈ ਸੀ। ਉਹਨਾਂ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਸਿਰਫ 12 ਘੰਟੇ ਦੇ ਸਮੇਂ ਵਿਚ ਹੀ ਟੈਂਟ ਲਗਵਾ ਕੇ ਵਿਸ਼ਾਲ ਕਾਨਫਰੰਸ ਲਈ ਪ੍ਰਬੰਧ ਮੁਕੰਮਲ ਕਰ ਲਏ।
ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਨਰੇਸ਼ ਕੁਮਾਰ, ਪ੍ਰਿੰਸੀਪਲ ਹਰਸ਼ਇੰਦਰ ਸਿੰਘ ਗਰੇਵਾਲ, ਤੇਜਿੰਦਰ ਸਿੰਘ ਮਿੱਡੂਖੇੜਾ, ਵਿਨਰਜੀਤ ਸਿੰਘ ਗੋਲਡੀ, ਸਤਨਾਮ ਰਾਹੀ, ਕੁਲਵੰਤ ਕੰਤਾ, ਜ਼ਹੀਦਾ ਸੁਲੇਮਾਨ, ਗੁਲਜ਼ਾਰੀ ਮੂਨਕ, ਗਗਨਦੀਪ ਖੰਡੇਬਾਦ, ਨਾਥ ਸਿੰਘ ਹਮੀਦੀ, ਬਲਬੀਰ ਸਿੰਘ ਘੁੰਨਸ, ਜੱਸੀ ਮਨਵੀ ਅਤੇ ਅਰਵਿੰਦ ਖੰਨਾ ਨੇ ਵੀ ਸੰਬੋਧਨ ਕੀਤਾ।