Sangrur News : ਸਮਾਣਾ ਜਾ ਰਹੇ ਭਾਨਾ ਸਿੱਧੂ ਸਮੇਤ ਕਈ ਕਿਸਾਨ ਗ੍ਰਿਫਤਾਰ
ਸਮਾਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੇ ਸਮਾਜਿਕ ਕਾਰਕੁੰਨ ਭਾਨਾ ਸਿੱਧੂ ਸਮੇਤ ਕਿਸਾਨਾਂ ਤੇ ਹੋਰ ਆਗੂਆਂ ਨੂੰ ਅੱਜ ਭਵਾਨੀਗੜ੍ਹ ਨੇੜੇ ਹੀ ਪੁਲਿਸ ਵੱਲੋਂ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਗਿਆ।
Publish Date: Wed, 25 Feb 2026 05:49 PM (IST)
Updated Date: Wed, 25 Feb 2026 05:50 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਮਾਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੇ ਸਮਾਜਿਕ ਕਾਰਕੁੰਨ ਭਾਨਾ ਸਿੱਧੂ ਸਮੇਤ ਕਿਸਾਨਾਂ ਤੇ ਹੋਰ ਆਗੂਆਂ ਨੂੰ ਅੱਜ ਭਵਾਨੀਗੜ੍ਹ ਨੇੜੇ ਹੀ ਪੁਲਿਸ ਵੱਲੋਂ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਪੁਲਸ ਪ੍ਰਸ਼ਾਸਨ ਨੇ ਸਵੇਰੇ ਤੋਂ ਹੀ ਭਵਾਨੀਗੜ੍ਹ-ਸਮਾਣਾ ਰਾਹ ਦੀ ਹੱਦ ’ਤੇ ਪੈਂਦੇ ਪਿੰਡ ਥੰਮਣ ਸਿੰਘ ਵਾਲਾ ਦੇ ਨਹਿਰ ਪੁੱਲ ਨੇੜੇ ਸਖ਼ਤ ਨਾਕਾਬੰਦੀ ਕਰਕੇ ਵਾਹਨਾਂ ਦੀ ਤਗੜੀ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੇ ਭਾਨਾ ਸਿੱਧੂ ਸਮੇਤ ਕਰੀਬ ਚਾਰ ਦਰਜਨ ਤੋਂ ਵੱਧ ਵੱਖ-ਵੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਸੂਤਰਾਂ ਅਨੁਸਾਰ ਸਮਾਣਾ ਸੰਘਰਸ਼ ਨੂੰ ਮੱਠਾ ਕਰਨ ਦੀ ਮੰਸ਼ਾ ਨਾਲ ਪੁਲਸ ਪ੍ਰਸ਼ਾਸਨ ਨੇ ਕਿਸੇ ਵੀ ਆਗੂ ਨੂੰ ਸਮਾਣਾ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ। ਇਸ ਸਬੰਧੀ ਐਸ.ਐਚ.ਓ. ਭਵਾਨੀਗੜ੍ਹ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਭਾਨਾ ਸਿੱਧੂ ਸਮੇਤ ਕਰੀਬ 50 ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਥਾਣਿਆਂ ਵਿੱਚ ਭੇਜਿਆ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਹਰਚਰਨ ਸਿੰਘ ਭਸੌੜ (ਮਾਨ ਦਲ), ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨਾਭਾ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ, ਕਿਸਾਨ ਆਗੂ ਭੋਲਾ ਸਿੰਘ ਠੀਕਰੀਵਾਲਾ ਅਤੇ ਕਾਕਾ ਸਿੰਘ ਸਿੱਧੂ ਸਮੇਤ ਹੋਰ ਆਗੂਆਂ ਨੂੰ ਵੀ ਪੁਲਸ ਵੱਲੋਂ ਮੁੱਖ ਤੌਰ ’ਤੇ ਡਿਟੇਨ ਕੀਤਾ ਗਿਆ।