- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਸ਼ੇਰੋਂ ਵਿੱਚ ਲੋਕ ਮਿਲਣੀ ਦੌਰਾਨ ਕਾਲੇ ਝੰਡੇ ਵਿਖਾਉਣ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਤੂਰਬਨਜਾਰਾ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਕਰਨ ਵਾਲੇ ਵਿਅਕਤੀ ਵੱਲੋਂ ਸਲਫਾਸ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਸਵੀਰ ਸਿੰਘ/ਬਲਜਿੰਦਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਸ਼ੇਰੋਂ ਵਿੱਚ ਲੋਕ ਮਿਲਣੀ ਦੌਰਾਨ ਕਾਲੇ ਝੰਡੇ ਵਿਖਾਉਣ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਤੂਰਬਨਜਾਰਾ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਕਰਨ ਵਾਲੇ ਵਿਅਕਤੀ ਵੱਲੋਂ ਸਲਫਾਸ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਹਾਲਤ ਵਿੱਚ ਪਹਿਲਾਂ ਉਸ ਨੂੰ ਸੰਗਰੂਰ ਸਿਵਲ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਸੋਮਵਾਰ ਦੇਰ ਸ਼ਾਮ ਉਸ ਨੂੰ ਮੁੜ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਵਿੱਤ ਮੰਤਰੀ ਦੇ ਸਮਾਗਮ ’ਚੋਂ ਬਾਹਰ ਕੱਢਣ ਦਾ ਦੋਸ਼
ਹਸਪਤਾਲ ਵਿੱਚ ਜ਼ੇਰੇ ਇਲਾਜ ਗੁਲਜਾਰ ਸਿੰਘ ਵਾਸੀ ਤੂਰਬਨਜਾਰਾ ਦੇ ਭਰਾ ਬਿੱਕਰ ਸਿੰਘ ਉਰਫ਼ ਬੱਗਾ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੋਏ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੁੱਜੇ ਸਨ। ਉਨ੍ਹਾਂ ਮੁਤਾਬਕ ਗੁਲਜਾਰ ਸਿੰਘ ਨੇ ਨਸ਼ਿਆਂ ਦੇ ਮੁੱਦੇ ’ਤੇ ਵਿੱਤ ਮੰਤਰੀ ਨੂੰ ਸਵਾਲ ਕੀਤੇ। ਇਸ ਦੌਰਾਨ ਉਸ ਨੂੰ ਪੁੱਛਿਆ ਗਿਆ ਕਿ ਨਸ਼ਾ ਕੌਣ ਵੇਚਦਾ ਜਾਂ ਕਰਦਾ ਹੈ। ਗੁਲਜਾਰ ਸਿੰਘ ਨੇ ਕਿਹਾ ਕਿ ਉਸ ਦਾ ਆਪਣਾ ਪੁੱਤਰ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਪਰਿਵਾਰ ਬਰਬਾਦ ਹੋ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਨੂੰ ਸਮਾਗਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
ਧਮਕਾਉਣ ਮਗਰੋਂ ਸਲਫਾਸ ਖਾਣ ਦਾ ਦੋਸ਼
ਪਰਿਵਾਰਕ ਮੈਂਬਰਾਂ ਅਨੁਸਾਰ ਸੋਮਵਾਰ ਸਵੇਰੇ ਪਿੰਡ ਦੀ ਸਰਪੰਚ ਦੇ ਪਤੀ ਬਲਜੀਤ ਸਿੰਘ ਉਰਫ਼ ਰਾਜੂ, ਸੁਖਦੇਵ ਸਿੰਘ ਉਰਫ਼ ਸੁੱਖਾ, ਵਿੱਕੀ ਪੰਚ ਅਤੇ ਘੋਨਾ ਗੁਲਜਾਰ ਸਿੰਘ ਦੇ ਘਰ ਆਏ। ਉਨ੍ਹਾਂ ਨੇ ਕਥਿਤ ਤੌਰ ’ਤੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਅਤੇ ਪੰਚਾਇਤ ਵਿੱਚ ਆ ਕੇ ਮਾਫ਼ੀ ਮੰਗਣ ਲਈ ਕਿਹਾ। ਪਰਿਵਾਰ ਦਾ ਦੋਸ਼ ਹੈ ਕਿ ਇਸ ਤੋਂ ਦੁਖੀ ਹੋ ਕੇ ਗੁਲਜਾਰ ਸਿੰਘ ਨੇ ਸਲਫਾਸ ਖਾ ਲਈ।
ਹਸਪਤਾਲ ਵਿੱਚ ਮੌਜੂਦ ਮੋਹਨਜੀਤ ਐਕਸ਼ਨ ਕਮੇਟੀ ਦੇ ਆਗੂ ਵਿਨਰਜੀਤ ਸਿੰਘ ਗੋਲਡੀ, ਸਤਨਾਮ ਸਿੰਘ ਰੱਤੋਕੇ, ਰਣਦੀਪ ਦਿਓਲ, ਮਨਪ੍ਰੀਤ ਸਿੰਘ ਨਮੋਲ, ਸਚਿਨ ਭਾਰਦਵਾਜ ਅਤੇ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਖੜ੍ਹੇ ਹਨ ਅਤੇ ਗੁਲਜਾਰ ਸਿੰਘ ਨੂੰ ਵੀ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰਨਗੇ।
ਡੀਐੱਸਪੀ ਦਿੜ੍ਹਬਾ ਡਾ. ਰੂਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਗੁਲਜਾਰ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।