
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੱੜਗਜ ਨੇ ਦਿੜ੍ਹਬਾ ਵਿਖੇ ਸਿੱਖ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਹੈ, ਜਿਸ ਨਾਲ ਸਾਡੇ ਨੌਜਵਾਨ ਨਸ਼ੇ ਦੀ ਲਪੇਟ ’ਚ ਆ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ।

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੱੜਗਜ ਨੇ ਦਿੜ੍ਹਬਾ ਵਿਖੇ ਸਿੱਖ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਹੈ, ਜਿਸ ਨਾਲ ਸਾਡੇ ਨੌਜਵਾਨ ਨਸ਼ੇ ਦੀ ਲਪੇਟ ’ਚ ਆ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ। ਉਹ ਦਿੜ੍ਹਬਾ ਵਿਖੇ ਸ੍ਰੀ ਮੀਰੀ-ਪੀਰੀ ਖ਼ਾਲਸਾ ਮਾਰਚ ਦੀ ਅਗਵਾਈ ਕਰਨ ਲਈ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਜਿਹੜੀਆਂ ਸਰਕਾਰਾਂ ਨਸ਼ੇ ਨੂੰ ਰੋਕਣ ਲਈ ਸਿਰਫ ਦੋ ਮਹੀਨੇ ਦਾ ਸਮਾਂ ਮੰਗਦੀਆਂ ਸਨ ਪਰ ਅੱਜ ਉਹ ਨਸ਼ੇ ਨੂੰ ਰੋਕਣ ਲਈ ਨਾਕਾਮ ਸਾਬਤ ਹੋ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਦੋ ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਵਾਲੀ ਸਰਕਾਰ ਦੇਸ਼ ਸ਼ਾਸਨ ਕਾਲ ’ਚ ਨਸ਼ੇ ਦੀ ਸਪਲਾਈ ਡੋਰ-ਟੂ-ਡੋਰ ਤੋਂ ਲੈ ਕੇ ਆਨਲਾਈਨ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਭਿਆਨਕ ਅਲਾਮਤ ਤੋਂ ਬਚਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰੂ ਵਾਲੇ ਬਣੀਏ ਤੇ ਨਸ਼ੇ ਤੋਂ ਰਹਿਤ ਸਾਫ ਤੇ ਸੁੱਚਾ ਜੀਵਨ ਬਤੀਤ ਕਰੀਏ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਗਿਣਤੀ ਹੀ ਨਹੀਂ ਸਗੋਂ ਪੰਜਾਬੀਆਂ ਦੀ ਗਿਣਤੀ ਸਾਰੇ ਮੁਲਕਾਂ ’ਚ ਘਟਦੀ ਜਾ ਰਹੀ ਹੈ। ਇਸ ਕਰ ਕੇ ਉਨ੍ਹਾਂ ਨੂੰ ਤਿੰਨ ਜਾਂ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਸਿੱਖ ਧਰਮ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬੀ ਚਾਹੁੰਦੇ ਹਨ ਕਿ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਐੱਸਜੀਪੀਸੀ ਮੈਂਬਰ ਹਰਦੇਵ ਸਿੰਘ ਰੋਗਲਾ, ਸੀਨੀਅਰ ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰ, ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਹਰਪਾਲ ਸਿੰਘ ਖਡਿਆਲ, ਯੂਥ ਆਗੂ ਸਤਿਗੁਰ ਸਿੰਘ ਘੁਮਾਣ, ਸੁਖਜਿੰਦਰ ਸਿੰਘ ਸਿੰਧੜਾਂ, ਗੁਰਮੇਲ ਸਿੰਘ ਦਿੜ੍ਹਬਾ ਹਾਜ਼ਰ ਸਨ।