- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਸੁਨਾਮ ਰੋਡ ਸਥਿਤ ਕੈਲੀਫੋਰਨੀਆ ਪੈਲੇਸ ਵਿੱਚ ਸ਼ਨਿੱਚਰਵਾਰ ਨੂੰ ਕਾਂਗਰਸ ਦੇ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਕਰਵਾਇਆ ਗਿਆ ਪ੍ਰੋਗਰਾਮ ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਵਿਚਾਲੇ ਹੋਏ ਹੰਗਾਮੇ ਦੀ ਭੇਟ ਚੜ੍ਹ ਗਿਆ। ਇਸ ਦੌਰਾਨ ਦੋਵਾਂ ਪਾਸਿਓਂ ਇੱਕ-ਦੂਜੇ ’ਤੇ ਕੁਰਸੀਆਂ ਵੀ ਚਲਾਈਆਂ ਗਈਆਂ।

ਜਸਵੀਰ ਸਿੰਘ/ਬਲਜਿੰਦਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਸੁਨਾਮ ਰੋਡ ਸਥਿਤ ਕੈਲੀਫੋਰਨੀਆ ਪੈਲੇਸ ਵਿੱਚ ਸ਼ਨਿੱਚਰਵਾਰ ਨੂੰ ਕਾਂਗਰਸ ਦੇ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਕਰਵਾਇਆ ਗਿਆ ਪ੍ਰੋਗਰਾਮ ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਵਿਚਾਲੇ ਹੋਏ ਹੰਗਾਮੇ ਦੀ ਭੇਟ ਚੜ੍ਹ ਗਿਆ। ਇਸ ਦੌਰਾਨ ਦੋਵਾਂ ਪਾਸਿਓਂ ਇੱਕ-ਦੂਜੇ ’ਤੇ ਕੁਰਸੀਆਂ ਵੀ ਚਲਾਈਆਂ ਗਈਆਂ।
ਪ੍ਰੋਗਰਾਮ ਦੌਰਾਨ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਬੋਧਨ ਕਰ ਰਹੇ ਸਨ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿੱਚ ਦੂਜੇ ਪਾਸੇ ਤੋਂ ਕੁਝ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਚੰਨੀ ਅਤੇ ਰਾਜਾ ਵੜਿੰਗ ਦੇ ਸਮਰਥਕ ਆਪਸ ਵਿੱਚ ਉਲਝ ਪਏ ਅਤੇ ਕੁਝ ਵਿਅਕਤੀਆਂ ਨੇ ਇੱਕ-ਦੂਜੇ ਵੱਲ ਕੁਰਸੀਆਂ ਵੀ ਸੁੱਟੀਆਂ। ਰਾਜਾ ਵੜਿੰਗ ਦੇ ਸੰਬੋਧਨ ਦੌਰਾਨ ਹੀ ਬਿਜਲੀ ਸਪਲਾਈ ਵੀ ਬੰਦ ਹੋ ਗਈ, ਜਿਸ ਕਾਰਨ ਮਾਹੌਲ ਹੋਰ ਤਣਾਅਪੂਰਨ ਬਣ ਗਿਆ। ਇਸ ਦੌਰਾਨ ਕੁਝ ਕਾਂਗਰਸੀ ਵਰਕਰਾਂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਹੰਗਾਮੇ ਕਾਰਨ ਪ੍ਰੋਗਰਾਮ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਸਮਾਪਤ ਕਰਨਾ ਪਿਆ। ਹਾਲਾਂਕਿ ਕੁਝ ਸਮੇਂ ਬਾਅਦ ਮਾਹੌਲ ਸ਼ਾਂਤ ਹੋ ਗਿਆ, ਪਰ ਉਦੋਂ ਤੱਕ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਾਪਸ ਰਵਾਨਾ ਹੋ ਚੁੱਕੀ ਸੀ।
ਮੰਚ ਤੋਂ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੇਰੇ ਸਿਰ ਦਾ ਤਾਜ ਹਨ। ਬੀਬੀ ਰਾਜਿੰਦਰ ਕੌਰ ਭੱਠਲ ਸਮੇਤ ਹੋਰ ਸਾਰੇ ਸੀਨੀਅਰ ਆਗੂ ਵੀ ਉਨ੍ਹਾਂ ਦੇ ਸਿਰ ਦਾ ਤਾਜ ਹਨ। ਜੇ ਫਿਰ ਵੀ ਮੈਂ ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ ਤਾਂ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਇਸ ਪੂਰੇ ਘਟਨਾਕ੍ਰਮ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਮੰਤਰੀ ਰਜੀਆ ਸੁਲਤਾਨਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਕਾਂਗਰਸੀ ਆਗੂ ਰਜਿੰਦਰ ਸਿੰਘ ਦੀਪਾ ਸਮੇਤ ਕਈ ਵੱਡੇ ਦਿੱਗਜ ਆਗੂ ਸ਼ਾਮਲ ਸਨ।
ਘੁਸਪੈਠੀਆਂ ਨੇ ਖਰਾਬ ਕੀਤਾ ਮਾਹੌਲ : ਰਾਜਾ ਵੜਿੰਗ
ਰਾਜਾ ਵੜਿੰਗ ਨੇ ਕਿਹਾ ਕਿ ਪਟਿਆਲਾ ਵਿੱਚ ‘ਹਰ ਬੂਥ, ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਭੰਗ ਕਰਨ ਵਾਲੇ ਇੱਕ ਆਗੂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ ਹੈ। ਸੰਗਰੂਰ ਵਿੱਚ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨ ਵਾਲੇ ਵਿਅਕਤੀਆਂ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਨਾ ਤਾਂ ਰਾਜਾ ਵੜਿੰਗ ਦੇ ਵਿਰੋਧੀ ਹਨ ਅਤੇ ਨਾ ਹੀ ਚੰਨੀ ਦੇ ਹਿਤੈਸ਼ੀ, ਸਗੋਂ ਕੁਝ ਘੁਸਪੈਠੀਏ ਹਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਮਾਹੌਲ ਖ਼ਰਾਬ ਕਰਨ ਲਈ ਭੇਜਿਆ ਗਿਆ ਹੈ।