- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਘਰਾਚੋਂ ਵਿਖੇ ਸੀਬੀਆਈ ਟੀਮ ਦੇ ਪਹੁੰਚਣ ਦੌਰਾਨ ਕੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸੀਬੀਆਈ ਅਧਿਕਾਰੀਆਂ ਦੀ ਗੱਡੀ ’ਤੇ ਫੁੱਲਾਂ ਦੀ ਵਰਖਾ ਕਰਨ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਵਿਭਾਗ ਨੇ ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਯਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ।

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪਿੰਡ ਘਰਾਚੋਂ ਵਿਖੇ ਸੀਬੀਆਈ ਟੀਮ ਦੇ ਪਹੁੰਚਣ ਦੌਰਾਨ ਕੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸੀਬੀਆਈ ਅਧਿਕਾਰੀਆਂ ਦੀ ਗੱਡੀ ’ਤੇ ਫੁੱਲਾਂ ਦੀ ਵਰਖਾ ਕਰਨ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਵਿਭਾਗ ਨੇ ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਯਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਐੱਸਐੱਚਓ ਦੀ ਮੁਅੱਤਲੀ ਦੀ ਪੁਸ਼ਟੀ ਡੀਐੱਸਪੀ ਭਵਾਨੀਗੜ੍ਹ ਸਤਨਾਮ ਸਿੰਘ ਨੇ ਕੀਤੀ ਹੈ। ਡੀਐੱਸਪੀ ਨੇ ਸਪੱਸ਼ਟ ਕੀਤਾ ਕਿ ਐੱਸਐੱਚਓ ਖ਼ਿਲਾਫ਼ ਕੀਤੀ ਗਈ ਇਹ ਕਾਰਵਾਈ ਕਿਸੇ ਪੁਰਾਣੇ ਮਾਮਲੇ ਨਾਲ ਸਬੰਧਤ ਹੈ। ਇਸ ਦਾ ਘਰਾਚੋਂ ਵਿਖੇ ਸੀਬੀਆਈ ਟੀਮ ਦੇ ਪਹੁੰਚਣ ਸਮੇਂ ਵਾਪਰੀ ਫੁੱਲਾਂ ਦੀ ਵਰਖਾ ਵਾਲੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
ਹਾਲਾਂਕਿ, ਮੁਅੱਤਲੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਦੇਰ ਸ਼ਾਮ ਤੱਕ ਪੁਲਿਸ ਦੇ ਥਾਣਾ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀ ਇਸ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਦੇਣ ਤੋਂ ਬਚਦੇ ਰਹੇ। ਇਸ ਦੌਰਾਨ ਸੀਬੀਆਈ ਟੀਮ ਦੀ ਗੱਡੀ ’ਤੇ ਫੁੱਲਾਂ ਦੀ ਵਰਖਾ ਕਰਨ ਵਾਲੇ ਆਗੂਆਂ ਨੂੰ ਮੌਕੇ ’ਤੇ ਪੁਲਸ ਵੱਲੋਂ ਹਿਰਾਸਤ ਵਿੱਚ ਨਾ ਲਏ ਜਾਣ ਨੂੰ ਲੈ ਕੇ ਵੀ ਆਮ ਲੋਕਾਂ ਅਤੇ ਮੀਡੀਆ ਵਿੱਚ ਚਰਚਾ ਚੱਲਦੀ ਰਹੀ। ਐੱਸਐੱਚਓ ਦੀ ਮੁਅੱਤਲੀ ਨੂੰ ਲੈ ਕੇ ਵੀ ਵੱਖ-ਵੱਖ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਅਤੇ ਇਸ ਨੂੰ ਘਰਾਚੋਂ ਵਿਖੇ ਵਾਪਰੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਬਾਅਦ ਵਿੱਚ ਡੀਐੱਸਪੀ ਸਤਨਾਮ ਸਿੰਘ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਯਸ਼ਪਾਲ ਸ਼ਰਮਾ ਨੂੰ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਉੱਚ ਪੁਲਸ ਅਧਿਕਾਰੀਆਂ ਦੇ ਹੁਕਮਾਂ ’ਤੇ ਮੁਅੱਤਲ ਕੀਤਾ ਗਿਆ ਹੈ।