- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲਾਝਾੜ ਟੋਲ ਪਲਾਜ਼ਾ ਨੇੜੇ ਦੇਰ ਰਾਤ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹਾਦਸਾਗ੍ਰਸਤ ਕਾਰ ਦੀ ਪੁਲਿਸ ਵੱਲੋਂ ਤਲਾਸ਼ੀ ਲੈਣ ’ਤੇ ਉਸ ਵਿੱਚੋਂ 90 ਕਿਲੋ ਭੁੱਕੀ, ਜਾਅਲੀ ਨੰਬਰ ਪਲੇਟਾਂ ਅਤੇ ਹੋਰ ਸਾਮਾਨ ਬਰਾਮਦ ਹੋਇਆ।

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਕਾਲਾਝਾੜ ਟੋਲ ਪਲਾਜ਼ਾ ਨੇੜੇ ਦੇਰ ਰਾਤ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹਾਦਸਾਗ੍ਰਸਤ ਕਾਰ ਦੀ ਪੁਲਿਸ ਵੱਲੋਂ ਤਲਾਸ਼ੀ ਲੈਣ ’ਤੇ ਉਸ ਵਿੱਚੋਂ 90 ਕਿਲੋ ਭੁੱਕੀ, ਜਾਅਲੀ ਨੰਬਰ ਪਲੇਟਾਂ ਅਤੇ ਹੋਰ ਸਾਮਾਨ ਬਰਾਮਦ ਹੋਇਆ। ਕਾਰ ਸਵਾਰ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਕਾਰ ਸਵਾਰਾਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਨਦਾਮਪੁਰ ਦਾ ਰਹਿਣ ਵਾਲਾ ਨਰਿੰਦਰ ਸਿੰਘ ਨਿੰਦੀ (ਪੁੱਤਰ ਕਰਨੈਲ ਸਿੰਘ) ਕਾਲਾਝਾੜ ਟੋਲ ਪਲਾਜ਼ਾ ’ਤੇ ਡਿਊਟੀ ਕਰਦਾ ਸੀ। ਲੰਘੀ ਦੇਰ ਰਾਤ ਉਹ ਮੋਟਰਸਾਈਕਲ ’ਤੇ ਆਪਣੀ ਡਿਊਟੀ ਲਈ ਆ ਰਿਹਾ ਸੀ। ਜਦੋਂ ਉਹ ਆਸਰਾ ਕਾਲਜ ਦੇ ਗੇਟ ਤੋਂ ਅੱਗੇ ਪਹੁੰਚਿਆ ਤਾਂ ਉਸਦੇ ਮੋਟਰਸਾਈਕਲ ਦੀ ਇੱਕ ਕਾਰ ਨਾਲ ਟੱਕਰ ਹੋ ਗਈ। ਟੱਕਰ ਕਾਰਨ ਨਰਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਦਕਿ ਉਸਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਟੋਲ ਪਲਾਜ਼ਾ ’ਤੇ ਤਾਇਨਾਤ ਮੁਲਾਜ਼ਮ ਮੌਕੇ ’ਤੇ ਪਹੁੰਚੇ। ਉੱਥੇ ਮੌਜੂਦ ਲੋਕਾਂ ਨੇ ਜ਼ਖ਼ਮੀ ਨੌਜਵਾਨ ਦੀ ਪਛਾਣ ਟੋਲ ਪਲਾਜ਼ਾ ’ਤੇ ਹੀ ਕੰਮ ਕਰਦੇ ਨਰਿੰਦਰ ਸਿੰਘ ਨਿੰਦੀ ਵਜੋਂ ਕੀਤੀ। ਇਸ ਤੋਂ ਬਾਅਦ ਉਸਨੂੰ ਟੋਲ ਪਲਾਜ਼ਾ ਦੀ ਐਂਬੂਲੈਂਸ ਰਾਹੀਂ ਤੁਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਕਾਰ ਦੀ ਤਲਾਸ਼ੀ ਲਈ ਤਾਂ ਹੋਇਆ ਖੁਲਾਸਾ
ਕਾਲਾਝਾੜ ਚੌਕੀ ਦੇ ਇੰਚਾਰਜ ਸਤਵੰਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਮੋਟਰਸਾਈਕਲ ਸਵਾਰ ਨਰਿੰਦਰ ਸਿੰਘ ਦੀ ਮੌਤ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਦੱਸਿਆ ਕਿ ਹਾਦਸਾਗ੍ਰਸਤ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 90 ਕਿਲੋ ਭੁੱਕੀ, ਜਾਅਲੀ ਨੰਬਰ ਪਲੇਟਾਂ ਅਤੇ ਹੋਰ ਸਾਮਾਨ ਬਰਾਮਦ ਹੋਇਆ। ਹਾਦਸੇ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਕਾਰ ਸਵਾਰਾਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੇ ਨਾਲ-ਨਾਲ ਕਾਰ ਵਿੱਚੋਂ ਬਰਾਮਦ ਹੋਈ ਭੁੱਕੀ ਅਤੇ ਜਾਅਲੀ ਨੰਬਰ ਪਲੇਟਾਂ ਸਬੰਧੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।