ਸੰਸਦ ਮੈਂਬਰ ਮੀਤ ਹੇਅਰ ਵਲੋਂ ਨਗਰ ਨਿਗਮ ਅਧੀਨ ਸੀਵਰੇਜ ਪ੍ਰੋਜੈਕਟਾਂ ਦਾ ਜਾਇਜ਼ਾ ਸੰਸਦ ਮੈਂਬਰ ਮੀਤ ਹੇਅਰ ਵਲੋਂ ਨਗਰ ਨਿਗਮ ਅਧੀਨ ਸੀਵਰੇਜ ਪ੍ਰੋਜੈਕਟਾਂ ਦਾ ਜਾਇਜ਼ਾ
Publish Date: Wed, 16 Sep 2026 05:13 PM (IST)
Updated Date: Thu, 17 Sep 2026 04:02 AM (IST)
ਸਬੰਧਤ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਤੇਜ਼ੀ ਨਾਲ ਕਰਾਉਣ ਦੇ ਨਿਰਦੇਸ਼, ਕਿਹਾ, ਬਰਨਾਲਾ ਵਾਸੀਆਂ ਨੂੰ ਜਲ ਸਪਲਾਈ ਤੇ ਸੀਵਰੇਜ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਬਰਨਾਲਾ ਨਗਰ ਨਿਗਮ ਅਧੀਨ ਸੀਵਰੇਜ ਵਿਵਸਥਾ ਸਬੰਧੀ ਮਸਲਿਆਂ ਦੇ ਹੱਲ ਲਈ ਅਹਿਮ ਮੀਟਿੰਗ ਕੀਤੀ ਤੇ ਸੀਵਰੇਜ ਪ੍ਰੋਜੈਕਟਾਂ ਨੂੰ ਮਿਆਰੀ ਤਰੀਕੇ ਨਾਲ ਤੇ ਪੂਰੀ ਨਿਗਰਾਨੀ ਨਾਲ ਜਲਦ ਸ਼ੁਰੂ ਕਰਾਉਣ ਤੇ ਸਮਾਂਬੱਧ ਰੂਪ ਵਿਚ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਸੰਸਦ ਮੈਂਬਰ ਮੀਤ ਹੇਅਰ ਨੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ, ਸੀਵਰੇਜ ਬੋਰਡ ਅਧਿਕਾਰੀਆਂ, ਨੈਸ਼ਨਲ ਹਾਈਵੇਅ (ਪੀ ਡਬਲਿਊ ਡੀ) ਸਮੇਤ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸ਼ਹਿਰ ’ਚ ਜਿਹੜੇ ਇਲਾਕਿਆਂ ’ਚ ਸੀਵਰੇਜ ਜਾਂ ਜਲ ਸਪਲਾਈ ਦੀ ਸਮੱਸਿਆ ਪੇਸ਼ ਆ ਰਹੀ ਹੈ, ਓਹਨਾਂ ਦੀ ਨਜ਼ਰਸਾਨੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਅਮਰੁਤ 2.0 ਦੇ ਬਹੁਕਰੋੜੀ ਪ੍ਰੋਜੈਕਟ ਅਧੀਨ ਵੱਖ ਵੱਖ ਇਲਾਕਿਆਂ ਜਿਵੇਂ ਹੰਡਿਆਇਆ ਚੌਂਕ ਖੇਤਰ, ਸੰਘੇੜਾ ਦੇ ਵੱਖ ਵੱਖ ਇਲਾਕਿਆਂ, ਸੇਖਾ ਰੋਡ ਆਦਿ ਇਲਾਕਿਆਂ ਵਿਚ ਸੀਵਰੇਜ ਕੰਮਾਂ ਨੂੰ ਸਮਾਂਬੱਧ ਰੂਪ ’ਚ ਕਰਾਉਣ ਲਈ ਸਬੰਧਤ ਵਿਭਾਗਾਂ ਸੀਵਰੇਜ ਬੋਰਡ, ਨਗਰ ਨਿਗਮ, ਨੈਸ਼ਨਲ ਹਾਈਵੇਅ, ਜੰਗਲਾਤ ਵਿਭਾਗ ਨੂੰ ਤਾਲਮੇਲ ਬੇਹਤਰ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਆਮ ਲੋਕਾਂ ਨੂੰ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਸੀਵਰੇਜ ਦੀ ਡੀਸਿਲਟਿੰਗ ਦੀ ਜ਼ਰੂਰਤ ਹੈ, ਓਸਦਾ ਜਲਦ ਐਸਟੀਮੇਟ ਤਿਆਰ ਕੀਤਾ ਜਾਵੇ। ਉਨ੍ਹਾਂ ਸ਼ਹਿਰ ਦੇ ਕੁਝ ਖੇਤਰਾਂ ’ਚ ਜਲ ਸਪਲਾਈ ਦੀ ਦਿੱਕਤ ਆਉਣ ਦਾ ਨੋਟਿਸ ਲੈਂਦਿਆਂ ਨਿਰਦੇਸ਼ ਦਿੱਤੇ ਕਿ ਪੰਪ ਆਪਰੇਟਰ ਪੰਪ ਸਮੇਂ ਸਿਰ ਚਲਾਉਣ ਵਿਚ ਕੋਈ ਢਿੱਲ ਨਾ ਵਰਤਣ ਅਤੇ ਉਨ੍ਹਾਂ ਦੀ ਪੂਰੀ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਦੇ ਮੱਦੇਨਜ਼ਰ 5 ਨਵੇਂ ਟਿਊਬਵੈੱਲ ਲਗਾਏ ਗਏ ਹਨ ਤੇ ਇਹ ਸਮੇਂ ਸਿਰ ਚਲਾਉਣ ’ਚ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਾਰੇ ਕੰਮ ਸਮੇਂ ਸਿਰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਇਨ੍ਹਾਂ ਕੰਮਾਂ ਦੀ ਨੇੜਿਓ ਨਿਗਰਾਨੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਐਮਪੀ ਲੈਡ ਅਧੀਨ ਸ਼ਹਿਰ ’ਚ ਧਰਮਸ਼ਾਲਾਵਾਂ ਅਤੇ ਹੋਰ ਕੰਮਾਂ ਲਈ ਫੰਡ ਜਾਰੀ ਕਰਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਜਸਵਿੰਦਰ ਸਿੰਘ ਸੰਘੇੜਾ, ਧੀਰਜ ਕੁਮਾਰ ਦੱਧਾਹੂਰ ਤੋਂ ਇਲਾਵਾ ਵੱਖ ਵੱਖ ਨਗਰ ਕੌਂਸਲਰ ਮੌਜੂਦ ਸਨ।