ਬੈਂਕ ਵੱਲੋਂ ਮਕਾਨ ਨਿਲਾਮ ਕਰਨ ’ਤੇ ਭੜਕੇ ਕਿਸਾਨ, ਤਾਲਾ ਤੋੜ ਕੇ ਪਰਿਵਾਰ ਨੂੰ ਮੁੜ ਘਰ ’ਚ ਬਿਠਾਇਆ ਬੈਂਕ ਵੱਲੋਂ ਮਕਾਨ ਨਿਲਾਮ ਕਰਨ ’ਤੇ ਭੜਕੇ ਕਿਸਾਨ, ਤਾਲਾ ਤੋੜ ਕੇ ਪਰਿਵਾਰ ਨੂੰ ਮੁੜ ਘਰ ’ਚ ਬਿਠਾਇਆ
Publish Date: Sun, 29 Nov 2026 03:51 PM (IST)
Updated Date: Sun, 29 Nov 2026 03:53 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਬੈਂਕ ਵੱਲੋਂ ਕਰਜ਼ੇ ਦੀ ਵਸੂਲੀ ਲਈ ਮਕਾਨ ਨਿਲਾਮ ਕਰਨ ਅਤੇ ਘਰ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਖ਼ਲ ਦਿੰਦਿਆਂ ਪਰਿਵਾਰ ਨੂੰ ਮੁੜ ਘਰ ਦਾ ਕਬਜ਼ਾ ਦਿਵਾਇਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਘਰ ਦਾ ਤਾਲਾ ਤੋੜ ਕੇ ਪਰਿਵਾਰਕ ਮੈਂਬਰਾਂ ਨੂੰ ਮੁੜ ਘਰ ਅੰਦਰ ਬਿਠਾਇਆ। ਪਰਿਵਾਰ ਨੇ ਬੈਂਕ ਦੀ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਹਾਲਾਤ ਨੂੰ ਸਮਝਣ ਦੀ ਬਜਾਏ ਮਕਾਨ ਨਿਲਾਮ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਨਰੇਸ਼ ਕੁਮਾਰ ਚਾਵਲਾ ਨੇ ਇੰਡੀਅਨ ਬੈਂਕ ਤੋਂ ਮਕਾਨ ਬਣਾਉਣ ਲਈ 8 ਲੱਖ 75 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿੱਚੋਂ 4 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀ ਕਰੀਬ 4 ਲੱਖ ਰੁਪਏ ਦੀ ਰਕਮ ਅਦਾ ਕਰਨ ਤੋਂ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੇ ਦੌਰ ਦੌਰਾਨ ਨਰੇਸ਼ ਕੁਮਾਰ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਪਰਿਵਾਰ ’ਤੇ ਆਈ ਇਸ ਦੁਖਦਾਈ ਸਥਿਤੀ ਕਾਰਨ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਗਿਆ ਅਤੇ ਬੈਂਕ ਦੀਆਂ ਬਕਾਇਆ ਕਿਸ਼ਤਾਂ ਸਮੇਂ ਸਿਰ ਅਦਾ ਨਹੀਂ ਹੋ ਸਕੀਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬਕਾਇਆ ਕਰਜ਼ੇ ਦੇ ਨਿਪਟਾਰੇ ਲਈ ਬੈਂਕ ਨਾਲ ਸੰਪਰਕ ਕਰਦੇ ਰਹੇ ਅਤੇ ਰਕਮ ਦੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਸ ਦੇ ਬਾਵਜੂਦ ਬੈਂਕ ਵੱਲੋਂ ਉਨ੍ਹਾਂ ਦਾ ਮਕਾਨ ਨਿਲਾਮ ਕਰ ਦਿੱਤਾ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਕਰੀਬ 60 ਲੱਖ ਰੁਪਏ ਦੀ ਕੀਮਤ ਵਾਲੇ ਮਕਾਨ ਨੂੰ ਬਹੁਤ ਘੱਟ ਕੀਮਤ ’ਤੇ ਨਿਲਾਮ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਹੱਕਾਂ ਨਾਲ ਅਨਿਆਂ ਹੋਇਆ ਹੈ।ਉਨ੍ਹਾਂ ਦੋਸ਼ ਲਾਇਆ ਕਿ ਮਕਾਨ ਨੂੰ ਨਿਲਾਮ ਕਰਨ ਤੋਂ ਬਾਅਦ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਘਰ ਨੂੰ ਤਾਲਾ ਲਗਾ ਦਿੱਤਾ ਗਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਆਪਣੇ ਹੀ ਘਰ ਤੋਂ ਬਾਹਰ ਹੋਣਾ ਪਿਆ। ਪਰਿਵਾਰ ਨੇ ਕਿਹਾ ਕਿ ਮਕਾਨ ਉਨ੍ਹਾਂ ਲਈ ਸਿਰਫ਼ ਜਾਇਦਾਦ ਨਹੀਂ, ਸਗੋਂ ਜੀਵਨ ਭਰ ਦੀ ਮਿਹਨਤ ਅਤੇ ਆਸਰਾ ਹੈ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਬੇਘਰ ਕਰਨ ਦੀ ਕਾਰਵਾਈ ਨੇ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ। ਆਪਣੇ ਨਾਲ ਹੋਈ ਕਥਿਤ ਧੱਕੇਸ਼ਾਹੀ ਸਬੰਧੀ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਮਾਮਲੇ ਵਿੱਚ ਦਖ਼ਲ ਦਿੱਤਾ ਗਿਆ। ਕਿਸਾਨ ਆਗੂਆਂ ਨੇ ਪਰਿਵਾਰ ਦੇ ਹੱਕ ਵਿੱਚ ਖੜ੍ਹਦਿਆਂ ਘਰ ਦਾ ਤਾਲਾ ਤੋੜ ਕੇ ਉਨ੍ਹਾਂ ਨੂੰ ਮੁੜ ਮਕਾਨ ਦਾ ਕਬਜ਼ਾ ਦਿਵਾਇਆ। ਇਸ ਕਾਰਵਾਈ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਬੇਇਨਸਾਫ਼ੀ ਜਾਂ ਧੱਕੇਸ਼ਾਹੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਜਥੇਬੰਦੀ ਹਮੇਸ਼ਾ ਅੱਗੇ ਰਹੇਗੀ।ਇਸ ਮਾਮਲੇ ਸਬੰਧੀ ਬੈਂਕ ਅਧਿਕਾਰੀਆਂ ਦਾ ਪੱਖ ਜਾਣਨ ਲਈ ਬੈਂਕ ਵਿੱਚ ਸੰਪਰਕ ਕੀਤਾ ਗਿਆ, ਪਰ ਛੁੱਟੀ ਹੋਣ ਕਾਰਨ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਹੋ ਸਕੀ। ਇਸ ਤੋਂ ਬਾਅਦ ਮੋਬਾਈਲ ਫੋਨਾਂ ਰਾਹੀਂ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅਧਿਕਾਰੀਆਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।